Kolkata Case: ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਇੱਕ ਵੱਡੀ ਟੁਕੜੀ ਨੇ ਵੀਰਵਾਰ ਨੂੰ ਆਰਜੀ ਕਰ ਹਸਪਤਾਲ ਦੀ ਸੁਰੱਖਿਆ ਸੰਭਾਲ ਲਈ। ਸੀਆਈਐਸਐਫ ਦੀ ਇਸ ਟੀਮ ਵਿੱਚ ਮਹਿਲਾ ਸਿਪਾਹੀ ਵੀ ਹਨ, ਜਿਨ੍ਹਾਂ ਨੇ ਹਸਪਤਾਲ ਦੀ ਪ੍ਰਬੰਧਕੀ ਇਮਾਰਤ ਦੇ ਸਾਹਮਣੇ ਇਕੱਠੇ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ। ਇੱਥੇ 150 ਜਵਾਨ ਤਾਇਨਾਤ ਕੀਤੇ ਜਾਣੇ ਹਨ।
ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਹਸਪਤਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੀਆਈਐਸਐਫ ਦੀ ਤਾਇਨਾਤੀ ਦੇ ਹੁਕਮ ਦਿੱਤੇ ਗਏ ਸਨ। ਇਸ ਤੋਂ ਤੁਰੰਤ ਬਾਅਦ ਬੁੱਧਵਾਰ ਨੂੰ ਸੀਆਈਐਸਐਫ ਅਧਿਕਾਰੀ ਆਰਜੀ ਕਰ ਹਸਪਤਾਲ ਪਹੁੰਚੇ ਅਤੇ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਸੀਆਈਐਸਐਫ ਦੇ ਡਿਪਟੀ ਇੰਸਪੈਕਟਰ ਜਨਰਲ ਕੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸੁਰੱਖਿਆ ਯੋਜਨਾ ਤਿਆਰ ਕੀਤੀ ਅਤੇ ਹਸਪਤਾਲ ਦੇ ਅਹਾਤੇ ਦਾ ਦੌਰਾ ਕੀਤਾ।
ਬੁੱਧਵਾਰ ਰਾਤ ਨੂੰ ਵੀ ਸੀਆਈਐਸਐਫ ਦੇ ਅਧਿਕਾਰੀ ਹਸਪਤਾਲ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨਾਲ ਵਿਸਤ੍ਰਿਤ ਗੱਲਬਾਤ ਕੀਤੀ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਆਰਜੀ ਕਰ ਹਸਪਤਾਲ ਵਿੱਚ ਦੋ ਕੰਪਨੀਆਂ ਦੀ ਸੀਆਈਐਸਐਫ ਟੁਕੜੀ ਤਾਇਨਾਤ ਹੋਵੇਗੀ, ਜਿਸ ਵਿੱਚ ਲਗਭਗ 151 ਜਵਾਨ ਹੋਣਗੇ।
ਜ਼ਿਕਰਯੋਗ ਹੈ ਕਿ 9 ਅਗਸਤ ਨੂੰ ਆਰਜੀ ਕਰ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਚੌਥੀ ਮੰਜ਼ਿਲ ‘ਤੇ ਸਥਿਤ ਸੈਮੀਨਾਰ ਹਾਲ ‘ਚ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਮਹਿਲਾ ਡਾਕਟਰ ਨਾਲ ਜਬਰ ਜ਼ਨਾਹ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਰੋਸ ਫੈਲ ਗਿਆ। ਦੇਸ਼ ਭਰ ਵਿੱਚ ਡਾਕਟਰ ਅਤੇ ਸਿਹਤ ਕਰਮਚਾਰੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਇਸੇ ਦੌਰਾਨ 14 ਅਗਸਤ ਦੀ ਰਾਤ ਨੂੰ ਆਰਜੀ ਕਰ ਹਸਪਤਾਲ ‘ਤੇ ਇੱਕ ਸਮੂਹ ਵੱਲੋਂ ਹਮਲਾ ਕੀਤਾ ਗਿਆ, ਜਿਸ ਵਿੱਚ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਭੰਨ-ਤੋੜ ਕੀਤੀ ਗਈ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਹਸਪਤਾਲ ਵਿੱਚ ਸੀਆਈਐਸਐਫ ਤਾਇਨਾਤ ਕਰਨ ਦਾ ਹੁਕਮ ਦਿੱਤਾ।
ਹਿੰਦੂਸਥਾਨ ਸਮਾਚਾਰ