Lahore, Pak: ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਗਲਤ ਸੂਚਨਾਵਾਂ ਅਤੇ ਅਫਵਾਹਾਂ ਰਾਹੀਂ ਬ੍ਰਿਟੇਨ ‘ਚ ਦੰਗੇ ਭੜਕਾਉਣ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਫਰਹਾਨ ਆਸਿਫ ਵਜੋਂ ਹੋਈ ਹੈ। ਉਹ ਫ੍ਰੀਲਾਂਸ ਵੈੱਬ ਡਿਵੈਲਪਰ ਹੈ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (F.I.A) ਨੇ ਉਸ ‘ਤੇ ਆਨਲਾਈਨ ਫਰਜ਼ੀ ਜਾਣਕਾਰੀ ਫੈਲਾਉਣ ਲਈ ਸਾਈਬਰ ਅਪਰਾਧ ਦਾ ਦੋਸ਼ ਲਗਾਇਆ ਹੈ।
ਐਫਆਈਏ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਫਰਜ਼ੀ ਖ਼ਬਰਾਂ ਫੈਲਾਉਣ ਵਾਲਾ ਅਕਾਉਂਟ ਆਸਿਫ਼ ਦਾ ਸੀ। ਇਹ ਸਪੱਸ਼ਟ ਨਹੀਂ ਹੈ ਕਿ ਬ੍ਰਿਟੇਨ ਨੇ ਉਸਦੀ ਹਵਾਲਗੀ ਦੀ ਬੇਨਤੀ ਕੀਤੀ ਸੀ ਜਾਂ ਨਹੀਂ। ਇਲਜ਼ਾਮ ਹੈ ਕਿ ਉਸਨੇ 29 ਜੁਲਾਈ ਨੂੰ ਬ੍ਰਿਟੇਨ ਵਿੱਚ ਡਾਂਸ ਕਲਾਸ ਵਿੱਚ ਚਾਕੂਬਾਜ਼ੀ ਵਿੱਚ ਸ਼ਾਮਲ ਸ਼ੱਕੀ ਬਾਰੇ ਯੂਟਿਊਬ ਅਤੇ ਫੇਸਬੁੱਕ ਉੱਤੇ ਗਲਤ ਜਾਣਕਾਰੀ ਫੈਲਾਈ ਸੀ। ਉਸਨੇ ਦਾਅਵਾ ਕੀਤਾ ਕਿ ਸ਼ੱਕੀ ਹਾਲ ਹੀ ਵਿੱਚ ਬ੍ਰਿਟੇਨ ਆਇਆ ਸੀ ਅਤੇ ਸ਼ਰਣ ਚਾਹੁੰਦਾ ਸੀ। ਹਮਲਾਵਰ ਬ੍ਰਿਟੇਨ ਦਾ ਰਹਿਣ ਵਾਲਾ ਸੀ।
ਲਗਾਤਾਰ ਗਲਤ ਜਾਣਕਾਰੀ ਫੈਲਾਉਣ ਤੋਂ ਬਾਅਦ ਉੱਥੇ ਦੰਗਾ ਭੜਕ ਗਿਆ ਸੀ। ਸੱਜੇ ਪੱਖੀਆਂ ਨੇ ਸ਼ਰਣ ਮੰਗਣ ਵਾਲਿਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਭੀੜ ਨੇ ਮਸਜਿਦ ਦੇ ਨਾਲ-ਨਾਲ ਸ਼ਰਨ ਮੰਗਣ ਵਾਲਿਆਂ ਨਾਲ ਜੁੜੀਆਂ ਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਬ੍ਰਿਟੈਨ ਦੇ ਕਈ ਸ਼ਹਿਰ ਦੰਗਿਆਂ ਨਾਲ ਪ੍ਰਭਾਵਿਤ ਹੋਏ ਸਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ।
ਹਿੰਦੂਸਥਾਨ ਸਮਾਚਾਰ