Mohali News: ਕੋਲਕਾਤਾ ਦੇ ਆਰ.ਜੀ. ਕਾਰ ਮੈਡੀਕਲ ਕਾਲਜ ਵਿੱਚ ਮਹਿਲਾ ਟ੍ਰੇਨੀ ਡਾਕਟਰ ਦੀ ਜਬਰ-ਜਨਾਹ ਉਪਰੰਤ ਹੱਤਿਆ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੀ ਹੜਤਾਲ ਦੇ ਸਮਰਥਨ ਵਿੱਚ ਅੱਜ ਮੋਹਾਲੀ ਵਿਖੇ ਵੁਮੈਨ ਵੈੱਲਫ਼ੇਅਰ ਐਸੋਸੀਏਸ਼ਨ 3ਬੀ2 ਮੋਹਾਲੀ ਅਤੇ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ 3ਬੀ2 ਵਲੋਂ ਸਾਂਝੇ ਤੌਰ ਉੱਤੇ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਨਗਰ ਨਿਗਮ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ।
ਕੈਂਡਲ ਮਾਰਚ ਵਿੱਚ ਸ਼ਾਮਿਲ ਪ੍ਰਦਰਸ਼ਨਕਾਰੀਆਂ ਨੇ ਬਲਾਤਕਾਰੀਆਂ ਖਿਲਾਫ਼ ਅਵਾਜ਼ ਬੁਲੰਦ ਕੀਤੀ ਅਤੇ ਮੰਗ ਕੀਤੀ ਕਿ ਕੋਲਕਾਤਾ ਦੇ ਉਕਤ ਕਾਲਜ ਵਿੱਚ ਘਿਨਾਉਣੀ ਘਟਨਾ ਨੂੂੰ ਅੰਜ਼ਾਮ ਦੇਣ ਵਾਲੇ ਵਹਿਸ਼ੀ ਦਰਿੰਦਿਆਂ ਨੂੰ ਫਾਂਸੀ ਉਤੇ ਲਟਕਾਇਆ ਜਾਵੇ ਅਤੇ ਦੇਸ਼ ਵਿੱਚ ਖਾਸ ਕਰਕੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਦੀਪਿੰਦਰ ਸਿੰਘ, ਪਿੰਕੀ ਔਲਖ, ਪੁਸ਼ਪਿੰਦਰ ਥਿੰਦ, ਰਾਜਵਿੰਦਰ ਗਿੱਲ, ਡਾ. ਕੋਛੜ, ਦੀਪਕ ਦੂਆ,ਰਣਜੋਧ ਸਿੰਘ ਅਤੇ ਕੁਲਦੀਪ ਕੌਰ ਆਦਿ ਨੇ ਕਿਹਾ ਕਿ ਉਹ ਡਾਕਟਰਾਂ ਦੇ ਸੰਘਰਸ਼ ਵਿੱਚ ਪੂਰਾ ਸਮਰਥਨ ਦਿੰਦੇ ਹਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਇਸ ਕੈਂਡਲ ਮਾਰਚ ਵਿੱਚ ਮਹਿਲਾਵਾਂ ਦੀ ਵੱਡੀ ਗਿਣਤੀ ਇਸ ਗੱਲ ਵੱਲ ਸ਼ਾਹਦੀ ਭਰਦੀ ਹੈ ਕਿ ਔਰਤਾਂ ਵਿੱਚ ਸਰਕਾਰ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਭਾਰੀ ਰੋਸ ਹੈ। ਇਸ ਲਈ ਲਾਜ਼ਮੀ ਹੈ ਕਿ ਡਾਕਟਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ‘ਸੈਂਟਰਲ ਪ੍ਰੋਟੈਕਸ਼ਨ ਐਕਟ ਫਾਰ ਆਲ ਦ ਮੈਡੀਕਲ ਪ੍ਰੋਫ਼ੈਸ਼ਨਲਜ਼’ ਲਾਗੂ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ