New Delhi: ਗਲੋਬਲ ਬਾਜ਼ਾਰ ‘ਚ ਅਨਿਸ਼ਚਿਤਤਾ ਅਤੇ ਸੋਨੇ ਦੀਆਂ ਕੀਮਤਾਂ ‘ਚ ਇਸ ਸਾਲ ਲਗਾਤਾਰ ਵਾਧੇ ਕਾਰਨ ਦੇਸ਼ ‘ਚ ਸੋਨੇ ਦੀ ਦਰਾਮਦ ‘ਚ ਕਮੀ ਆਈ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਯਾਨੀ ਅਪ੍ਰੈਲ ਤੋਂ ਜੁਲਾਈ 2024 ਦੌਰਾਨ ਸੋਨੇ ਦੀ ਦਰਾਮਦ ‘ਚ 4.23 ਫੀਸਦੀ ਦੀ ਗਿਰਾਵਟ ਆਈ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿੱਚ ਅਪ੍ਰੈਲ ਤੋਂ ਜੁਲਾਈ ਤੱਕ ਦੇ ਚਾਰ ਮਹੀਨਿਆਂ ਵਿੱਚ ਸਿਰਫ਼ 12.64 ਅਰਬ ਡਾਲਰ ਦਾ ਸੋਨਾ ਹੀ ਆਯਾਤ ਕੀਤਾ ਗਿਆ ਹੈ। ਜਦੋਂ ਕਿ ਪਿਛਲੇ ਸਾਲ ਅਪ੍ਰੈਲ ਤੋਂ ਜੁਲਾਈ ਤੱਕ ਦੀ ਮਿਆਦ ‘ਚ 13.21 ਅਰਬ ਡਾਲਰ ਦਾ ਸੋਨਾ ਆਯਾਤ ਕੀਤਾ ਗਿਆ ਸੀ। ਇਕੱਲੇ ਜੁਲਾਈ ਮਹੀਨੇ ‘ਚ ਸੋਨੇ ਦੀ ਦਰਾਮਦ ‘ਚ ਤੁਲਨਾਮਕ ਰੂਪ ’ਚ 10.65 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਮਹੀਨੇ 3.21 ਅਰਬ ਡਾਲਰ ਦਾ ਸੋਨਾ ਆਯਾਤ ਕੀਤਾ ਗਿਆ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਵਿੱਚ 3.52 ਅਰਬ ਡਾਲਰ ਦਾ ਸੋਨਾ ਆਯਾਤ ਕੀਤਾ ਗਿਆ ਸੀ।
ਜੁਲਾਈ ਤੋਂ ਪਹਿਲਾਂ ਜੂਨ ਮਹੀਨੇ ‘ਚ ਸੋਨੇ ਦੀ ਦਰਾਮਦ ‘ਚ 38.66 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ ਮਈ ਮਹੀਨੇ ‘ਚ ਸੋਨੇ ਦੀ ਦਰਾਮਦ ‘ਚ 9.76 ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ‘ਚ ਸੋਨੇ ਦੀ ਦਰਾਮਦ ‘ਚ ਮੁਕਾਬਲਤਨ ਮਜ਼ਬੂਤ ਵਾਧਾ ਹੋਇਆ ਸੀ। ਅਪ੍ਰੈਲ 2024 ਵਿੱਚ 3.11 ਅਰਬ ਡਾਲਰ ਦਾ ਸੋਨਾ ਆਯਾਤ ਕੀਤਾ ਗਿਆ ਸੀ, ਜਦੋਂ ਕਿ ਅਪ੍ਰੈਲ 2023 ਵਿੱਚ ਸਿਰਫ 1.06 ਅਰਬ ਡਾਲਰ ਦਾ ਸੋਨਾ ਆਯਾਤ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਵਿੱਤੀ ਸਾਲ 2023-24 ‘ਚ ਸਾਲਾਨਾ ਆਧਾਰ ‘ਤੇ ਸੋਨੇ ਦੀ ਦਰਾਮਦ ‘ਚ 30 ਫੀਸਦੀ ਦਾ ਵਾਧਾ ਹੋਇਆ ਸੀ। ਪੂਰੇ ਸਾਲ ਦੌਰਾਨ ਕੁੱਲ 45.54 ਅਰਬ ਡਾਲਰ ਦਾ ਸੋਨਾ ਆਯਾਤ ਕੀਤਾ ਗਿਆ ਸੀ।
ਸਰਾਫਾ ਬਾਜ਼ਾਰ ਦੇ ਮਾਹਰ ਸ਼ੇਖਰ ਗੁਪਤਾ ਮੁਤਾਬਕ ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਦੌਰਾਨ ਸੋਨੇ ਦੀ ਦਰਾਮਦ ‘ਚ ਕਮੀ ਜ਼ਰੂਰ ਆਈ ਹੈ ਪਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ‘ਚ ਇਹ ਦਰਾਮਦ ਵਧੇਗੀ। ਗੁਪਤਾ ਮੁਤਾਬਕ ਬਜਟ ‘ਚ ਸੋਨੇ ‘ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ। ਇਸ ਕਾਰਨ ਘਰੇਲੂ ਵਪਾਰੀਆਂ ਲਈ ਸੋਨੇ ਦੀ ਲਾਗਤ ਘਟ ਗਈ ਹੈ। ਇਸਦੇ ਨਾਲ ਹੀ ਸਰਾਫਾ ਬਾਜ਼ਾਰ ਵਿੱਚ ਵੀ ਸੋਨੇ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਅਜਿਹੇ ‘ਚ ਸਪਾਟ ਗੋਲਡ ਦੀ ਖਰੀਦ-ਵੇਚ ਵਧਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ