Badlapur, Maharashtra News: ਮਹਾਰਾਸ਼ਟਰ ਦੇ ਬਦਲਾਪੁਰ ‘ਚ ਦੋ ਮਹਜ਼ 3 ਸਾਲ ਦੀਆਂ ਬੱਚੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਗੁੱਸੇ ‘ਚ ਆਏ ਬਦਲਾਪੁਰ ਵਾਸੀਆਂ ਨੇ ਟਰੇਨ ਰੋਕ ਦਿੱਤੀ। ਹਜ਼ਾਰਾਂ ਲੋਕ ਸੜਕਾਂ ‘ਤੇ ਆ ਗਏ ਅਤੇ ਪ੍ਰਦਰਸ਼ਨ ਕੀਤਾ। ਬਦਲਾਪੁਰ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਨੇ ਰੇਲ ਰੋਕੋ ਪ੍ਰਦਰਸ਼ਨ ਕੀਤਾ। ਕਈ ਥਾਵਾਂ ‘ਤੇ ਪੱਥਰਬਾਜ਼ੀ ਦੀ ਵੀ ਸੂਚਨਾ ਮਿਲੀ ਹੈ।
ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬਦਲਾਪੁਰ ਦੇ ਇੱਕ ਸਕੂਲ ਵਿੱਚ ਲੜਕੀਆਂ ਨਾਲ ਹੋਏ ਦੁਰਵਿਵਹਾਰ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੀ ਕੋਈ ਘਟਨਾ ਵਾਪਰੀ ਤਾਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੰਗਲਵਾਰ ਨੂੰ ਇਹ ਵੀ ਹਦਾਇਤ ਕੀਤੀ ਕਿ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਕੀਤੀ ਜਾਵੇ, ਤਾਂ ਜੋ ਦੋਸ਼ੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾ ਸਕੇ।
ਜਾਣਕਾਰੀ ਮੁਤਾਬਕ ਸਕੂਲ ਦੇ ਗਰਲਜ਼ ਵਾਸ਼ਰੂਮ ‘ਚ 23 ਸਾਲਾ ਪੁਰਸ਼ ਸੈਨੀਟੇਸ਼ਨ ਕਰਮਚਾਰੀ ਵਲੋਂ ਦੋਵੇਂ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਸਫਾਈ ਕਰਮਚਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਾਪਿਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਸਕੂਲ ਨੇ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਹਲਕੇ ਵਿੱਚ ਲਿਆ ਅਤੇ ਕੋਈ ਭਰੋਸਾ ਜਾਂ ਮੁਆਫ਼ੀ ਨਹੀਂ ਮੰਗੀ। ਇਸ ਦੇ ਨਾਲ ਹੀ ਪੁਲਿਸ ਜਾਂਚ ਵਿੱਚ ਸਕੂਲ ਮੈਨੇਜਮੈਂਟ ਦੀਆਂ ਕਈ ਖਾਮੀਆਂ ਅਤੇ ਲਾਪਰਵਾਹੀਆਂ ਸਾਹਮਣੇ ਆਈਆਂ ਹਨ। ਲੜਕੀਆਂ ਦੇ ਵਾਸ਼ਰੂਮ ਵਿੱਚ ਮਹਿਲਾ ਕਰਮੀ ਨਾ ਹੋਣ ਤੋਂ ਇਲਾਵਾ ਸਕੂਲ ਵਿੱਚ ਲੱਗੇ ਕਈ ਸੀਸੀਟੀਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ ਸਨ ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਸਕੂਲ ਪ੍ਰਤੀ ਰੋਸ ਹੈ।