UPSC Lateral Entry : ਲੈਟਰਲ ਐਂਟਰੀ ਨੂੰ ਲੈ ਕੇ ਵਧਦੇ ਵਿਵਾਦ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਨੇ ਸਿੱਧੀ ਭਰਤੀ ਦੇ ਇਸ਼ਤਿਹਾਰਾਂ ‘ਤੇ ਰੋਕ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ‘ਤੇ ਭਰਤੀ ਦੇ ਇਸ਼ਤਿਹਾਰ ਨੂੰ ਰੱਦ ਕਰਨ ਲਈ ਕਿਹਾ ਗਿਆ ਹੈ। ਇਸ ਦੇ ਲਈ ਕੇਂਦਰ ਸਰਕਾਰ ਦੀ ਤਰਫੋਂ UPSC ਨੂੰ ਪੱਤਰ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਲੈਟਰਲ ਐਂਟਰੀ ਭਰਤੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਸਨ, ਜਿਸ ਤੋਂ ਬਾਅਦ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਇਹ ਪੱਤਰ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਤਰਫੋਂ ਯੂਪੀਐਸਸੀ ਚੇਅਰਮੈਨ ਨੂੰ ਲਿਖਿਆ ਗਿਆ ਹੈ।
ਜਤਿੰਦਰ ਸਿੰਘ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਮੁਖੀ ਪ੍ਰੀਤੀ ਸੂਦਨ ਨੂੰ ਭੇਜੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸੇਵਾ ਵਿੱਚ ਰਾਖਵੇਂਕਰਨ ਦੇ ਸਮਰਥਕ ਹਨ। ਸਾਡੀ ਸਰਕਾਰ ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ, ਇਸ ਲਈ ਅਸੀਂ ਤੁਹਾਨੂੰ 17 ਅਗਸਤ ਨੂੰ UPSC ਦੁਆਰਾ ਜਾਰੀ ਕੀਤੀਆਂ ਅਸਾਮੀਆਂ ਦੀ ਸਮੀਖਿਆ ਅਤੇ ਰੱਦ ਕਰਨ ਦੀ ਬੇਨਤੀ ਕਰਦੇ ਹਾਂ।
Department of Personnel and Training Minister writes to Chairman UPSC on cancelling the Lateral Entry advertisement as per directions of Prime Minister Narendra Modi. pic.twitter.com/1lfYTT7dwW
— ANI (@ANI) August 20, 2024
ਦੱਸ ਦੇਈਏ ਕਿ ਪਿਛਲੇ ਹਫਤੇ 17 ਅਗਸਤ ਨੂੰ UPAC ਨੇ ਲੈਟਰਲ ਐਂਟਰੀ ਰਾਹੀਂ 45 ਸੰਯੁਕਤ ਸਕੱਤਰ, ਡਿਪਟੀ ਸਕੱਤਰ ਅਤੇ ਡਾਇਰੈਕਟਰ ਪੱਧਰ ਦੀਆਂ ਭਰਤੀਆਂ ਜਾਰੀ ਕੀਤੀਆਂ ਸਨ। ਇਸ ਸਕੀਮ ਵਿੱਚ, ਉਹ ਕਾਰਪੋਰੇਟ ਕਰਮਚਾਰੀ ਜਿਨ੍ਹਾਂ ਕੋਲ UG ਡਿਗਰੀ ਹੈ ਅਤੇ ਸਬੰਧਤ ਪੋਸਟ ਅਤੇ ਸੈਕਟਰ ਵਿੱਚ ਘੱਟੋ-ਘੱਟ 15 ਸਾਲ ਕੰਮ ਕੀਤਾ ਹੈ, ਅਪਲਾਈ ਕਰ ਸਕਦੇ ਹਨ। ਇਸ ਸਕੀਮ ‘ਚ ਅਪਲਾਈ ਕਰਨ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਤਜ਼ਰਬੇ ਦੇ ਆਧਾਰ ‘ਤੇ ਚੁਣਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਦਾ ਇੰਟਰਵਿਊ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਇੰਟਰਵਿਊ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਨਿਯੁਕਤ ਕੀਤਾ ਜਾਂਦਾ ਹੈ।
ਪਰ ਇਸ ਵਿੱਚ ਰਾਖਵੇਂਕਰਨ ਦੀ ਕੋਈ ਵਿਵਸਥਾ ਨਹੀਂ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਲੇਟਰਲ ਐਂਟਰੀ ਰਾਹੀਂ ਮਹੱਤਵਪੂਰਨ ਅਹੁਦਿਆਂ ‘ਤੇ ਭਰਤੀ ਕਰਕੇ ਐੱਸਸੀ, ਐੱਸਟੀ ਅਤੇ ਓਬੀਸੀ ਵਰਗਾਂ ਦਾ ਰਾਖਵਾਂਕਰਨ ਖੁੱਲ੍ਹੇਆਮ ਖੋਹਿਆ ਜਾ ਰਿਹਾ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਬਸਪਾ ਮੁਖੀ ਮਾਇਆਵਤੀ ਨੇ ਵੀ ਲੇਟਰਲ ਐਂਟਰੀ ਨੂੰ ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਸੀ। ਸਰਕਾਰ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਲੇਟਰਲ ਐਂਟਰੀ ਨੂੰ ਲੈ ਕੇ ਕਾਂਗਰਸ ਸਰਕਾਰ ਦਾ ਦੌਰ ਵੀ ਯਾਦ ਕਰਵਾਇਆ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀਆਂ ਮਨਮੋਹਨ ਸਿੰਘ ਅਤੇ ਮੌਂਟੇਕ ਸਿੰਘ ਆਹਲੂਵਾਲੀਆ ਦੀਆਂ ਉਦਾਹਰਣਾਂ ਦਿੱਤੀਆਂ। ਸਰਕਾਰ ਨੇ ਕਿਹਾ ਕਿ ਲੇਟਰਲ ਐਂਟਰੀ ਕੋਈ ਨਵੀਂ ਗੱਲ ਨਹੀਂ ਹੈ। ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ।