Kolkata Case: ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਸੋਮਵਾਰ ਸਵੇਰੇ ਇੱਕ ਵਾਰ ਫਿਰ ਸੀਜੀਓ ਕੰਪਲੈਕਸ ਵਿੱਚ ਹਾਜ਼ਰ ਹੋਏ। ਇਹ ਚੌਥੀ ਵਾਰ ਹੈ ਜਦੋਂ ਸੀਬੀਆਈ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਸੰਦੀਪ ਘੋਸ਼ ਤੋਂ ਮਹਿਲਾ ਡਾਕਟਰ ਨਾਲ ਜਬਰ ਜ਼ਨਾਹ ਅਤੇ ਹੱਤਿਆ ਦੇ ਮਾਮਲੇ ‘ਚ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਵੀ ਉਨ੍ਹਾਂ ਨੂੰ ਕੁਝ ਦਸਤਾਵੇਜ਼ਾਂ ਨਾਲ ਸੀਬੀਆਈ ਦਫ਼ਤਰ ਵਿੱਚ ਦਾਖ਼ਲ ਹੁੰਦੇ ਦੇਖਿਆ ਗਿਆ, ਹਾਲਾਂਕਿ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਕਿਉਂ ਬੁਲਾਇਆ ਜਾ ਰਿਹਾ ਹੈ।
ਘਟਨਾ ਦੇ ਪਿਛੋਕੜ ‘ਚ ਸੀਬੀਆਈ ਇਸ ਮਾਮਲੇ ‘ਚ ਸੰਦੀਪ ਘੋਸ਼ ‘ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੂੰ ਵੀਰਵਾਰ ਨੂੰ ਵੀ ਤਲਬ ਕੀਤਾ ਗਿਆ ਸੀ ਪਰ ਉਹ ਉਸ ਦਿਨ ਪੇਸ਼ ਨਹੀਂ ਹੋਏ। ਉਨ੍ਹਾਂ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਕਲਕੱਤਾ ਹਾਈ ਕੋਰਟ ’ਚ ਕਿਹਾ ਕਿ ਸੰਦੀਪ ਘੋਸ਼ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਸੀ। ਉਸੇ ਦਿਨ ਉਨ੍ਹਾਂ ਨੂੰ ਸੀਬੀਆਈ ਦੀ ਗੱਡੀ ਵਿੱਚ ਸੜਕ ਤੋਂ ਬਿਠਾ ਕੇ ਸੀਜੀਓ ਕੰਪਲੈਕਸ ਲਿਆਂਦਾ ਗਿਆ। ਉਦੋਂ ਤੋਂ ਉਨ੍ਹਾਂ ਨੂੰ ਹਰ ਰੋਜ਼ ਲਗਾਤਾਰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਐਤਵਾਰ ਨੂੰ ਕਰੀਬ ਸਾਢੇ 13 ਘੰਟੇ ਦੀ ਲੰਬੀ ਪੁੱਛ-ਪੜਤਾਲ ਤੋਂ ਬਾਅਦ ਉਹ ਦੇਰ ਰਾਤ ਆਪਣੇ ਘਰ ਪਰਤੇ ਸਨ। ਇਸ ਘਟਨਾ ਦੇ ਖਿਲਾਫ ਉਨ੍ਹਾਂ ਦੇ ਘਰ ਦੇ ਸਾਹਮਣੇ ਆਰਜੀ ਕਰ ਹਸਪਤਾਲ ਵਿਖੇ ਵੀ ਪ੍ਰਦਰਸ਼ਨ ਵੀ ਹੋਇਆ ਸੀ। ਉਹ ਸੋਮਵਾਰ ਸਵੇਰੇ 10:30 ਵਜੇ ਦੁਬਾਰਾ ਸੀਬੀਆਈ ਦਫ਼ਤਰ ਵਿੱਚ ਹਾਜ਼ਰ ਹੋਏ।
ਆਰਜੀ ਰ ਹਸਪਤਾਲ ਵਿੱਚ ਸੰਦੀਪ ਘੋਸ਼ ਦਾ ਪ੍ਰਭਾਵ ਕਾਫ਼ੀ ਦੱਸਿਆ ਜਾਂਦਾ ਹੈ। ਮਹਿਲਾ ਡਾਕਟਰ ਦੀ ਲਾਸ਼ ਮਿਲਣ ਤੋਂ ਬਾਅਦ ਉੱਥੇ ਪ੍ਰਦਰਸ਼ਨ ਸ਼ੁਰੂ ਹੋ ਗਏ, ਜਿਸ ‘ਚ ਡਾਕਟਰਾਂ ਤੋਂ ਲੈ ਕੇ ਵਿਦਿਆਰਥੀਆਂ ਦੀ ਵੱਡੀ ਮੰਗ ਸੀ ਕਿ ਸੰਦੀਪ ਘੋਸ਼ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਵੇ ਜਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦਬਾਅ ਕਾਰਨ ਸੰਦੀਪ ਘੋਸ਼ ਨੇ 12 ਅਗਸਤ ਨੂੰ ਅਸਤੀਫਾ ਦੇ ਦਿੱਤਾ ਅਤੇ ਸਿਹਤ ਵਿਭਾਗ ਕੋਲ ਜਾ ਕੇ ਆਪਣਾ ਅਸਤੀਫਾ ਸੌਂਪ ਦਿੱਤਾ। ਪਰ ਕੁਝ ਘੰਟਿਆਂ ਵਿੱਚ ਹੀ ਰਾਜ ਦੇ ਸਿਹਤ ਵਿਭਾਗ ਨੇ ਉਨ੍ਹਾਂ ਨੂੰ ਕੋਲਕਾਤਾ ਦੇ ਇੱਕ ਹੋਰ ਸਰਕਾਰੀ ਹਸਪਤਾਲ ਵਿੱਚ ਪ੍ਰਿੰਸੀਪਲ ਦੇ ਅਹੁਦੇ ਉੱਤੇ ਨਿਯੁਕਤ ਕਰ ਦਿੱਤਾ। ਇਸ ਨਿਯੁਕਤੀ ਦਾ ਵਿਰੋਧ ਵੀ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਕਲਕੱਤਾ ਹਾਈ ਕੋਰਟ ਨੇ ਸੰਦੀਪ ਘੋਸ਼ ਨੂੰ ਲੰਬੀ ਛੁੱਟੀ ‘ਤੇ ਭੇਜਣ ਦਾ ਨਿਰਦੇਸ਼ ਦਿੱਤਾ ਸੀ। ਉਦੋਂ ਤੋਂ ਉਹ ਛੁੱਟੀ ‘ਤੇ ਹਨ।
ਸੀਬੀਆਈ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਬੀਆਈ ਨੇ ਹੁਣ ਤੱਕ ਹਸਪਤਾਲ ਦੇ ਡਾਕਟਰਾਂ, ਵਿਦਿਆਰਥੀਆਂ ਅਤੇ ਕਈ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ।
ਪੁੱਛ-ਪੜਤਾਲ ਦੌਰਾਨ ਸੰਦੀਪ ਘੋਸ਼ ਨੇ ਵੱਖ-ਵੱਖ ਨਿਊਜ਼ ਮੀਡੀਆ ‘ਚ ਉਨ੍ਹਾਂ ਬਾਰੇ ਗਲਤ ਜਾਣਕਾਰੀ ਫੈਲਾਏ ਜਾਣ ਦਾ ਦੋਸ਼ ਲਗਾਉਂਦੇ ਹੋਏ ਅਦਾਲਤ ‘ਚ ਮਾਮਲਾ ਦਾਇਰ ਕੀਤਾ ਹੈ।
ਸੂਤਰਾਂ ਮੁਤਾਬਕ ਉਸ ਦਿਨ ਦੀ ਘਟਨਾ ਨੂੰ ਲੈ ਕੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਜਾ ਰਹੇ ਹਨ। ਆਰਜੀ ਕਰ ਹਸਪਤਾਲ ਵਿੱਚ ਡਾਕਟਰ ਦੀ ਲਾਸ਼ ਮਿਲਣ ਤੋਂ ਬਾਅਦ ਮੁਰੰਮਤ ਦੇ ਨਾਮ ’ਤੇ ਉਸੇ ਸੈਮੀਨਾਰ ਹਾਲ ਦੇ ਨਾਲ ਲੱਗਦੇ ਇੱਕ ਕਮਰੇ ਦੀ ਕੰਧ ਤੋੜ ਦਿੱਤੀ ਗਈ ਸੀ। ਦੋਸ਼ ਹੈ ਕਿ ਇਸ ਪਿੱਛੇ ਵੀ ਸੰਦੀਪ ਘੋਸ਼ ਦੇ ਨਿਰਦੇਸ਼ ਹੋ ਸਕਦੇ ਹਨ। ਇਸ ਅਚਨਚੇਤ ਮੁਰੰਮਤ ਦੇ ਕੰਮ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਇਸ ਸਬੰਧੀ ਸੀਬੀਆਈ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ