Maharashtra News: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਵਕਫ਼ ਬੋਰਡ (ਸੋਧ) ਬਿੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ। ਹੁਣ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਠਾਕਰੇ ‘ਤੇ ਜਵਾਬੀ ਹਮਲਾ ਕੀਤਾ ਹੈ।
ਵਕਫ਼ ਬੋਰਡ (ਸੋਧ) ਬਿੱਲ ਦਾ ਵਿਰੋਧ ਕਰਦੇ ਹੋਏ ਠਾਕਰੇ ਨੇ ਪੁੱਛਿਆ ਸੀ ਕਿ ਜਦੋਂ ਭਾਜਪਾ ਪੂਰਨ ਬਹੁਮਤ ‘ਚ ਸੀ ਤਾਂ ਇਸ ਨੂੰ ਪਾਸ ਕਿਉਂ ਨਹੀਂ ਕੀਤਾ ਗਿਆ। ਇਸ ਦੇ ਜਵਾਬ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਬੁਲਾਰੇ ਅਤੇ ਠਾਣੇ ਦੇ ਸੰਸਦ ਮੈਂਬਰ ਨਰੇਸ਼ ਮਹਸਕੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਦਾ ਵਕਫ਼ ਸੋਧ ਬਿੱਲ ਦਾ ਵਿਰੋਧ ਮਹਾਰਾਸ਼ਟਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਸਲਿਮ ਵੋਟਾਂ ਬਰਕਰਾਰ ਰੱਖਣ ਦੀ ਉਸਦੀ ਇੱਛਾ ਦਾ ਪ੍ਰਤੀਬਿੰਬ ਹੈ।
ਉਨ੍ਹਾਂ ਇਹ ਵੀ ਪੁੱਛਿਆ ਕਿ ਠਾਕਰੇ ਰਾਮ ਜਨਮ ਭੂਮੀ ਮੰਦਰ ਦਾ ਵਿਰੋਧ ਕਿਉਂ ਕਰ ਰਹੇ ਹਨ। ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ, ਮਹਸਕੇ ਨੇ ਕਿਹਾ, “ਠਾਕਰੇ ਦਾ ਰੁਖ ਆਉਣ ਵਾਲੀਆਂ ਚੋਣਾਂ ਵਿੱਚ ਮੁਸਲਿਮ ਵੋਟਾਂ ਨੂੰ ਬਰਕਰਾਰ ਰੱਖਣ ਦੀ ਇੱਛਾ ਤੋਂ ਪ੍ਰੇਰਿਤ ਹੈ। ਲੋਕ ਸਭਾ ਚੋਣਾਂ ‘ਚ ਸ਼ਿਵ ਸੈਨਾ (ਯੂਬੀਟੀ) ਨੇ ਕਈ ਮੁਸਲਿਮ ਬਹੁਲ ਸੀਟਾਂ ‘ਤੇ ਵੋਟਾਂ ਹਾਸਲ ਕੀਤੀਆਂ ਸਨ।
ਮਹਸਕੇ ਨੇ ਕਿਹਾ ਕਿ ਸੰਸਦ ਵਿੱਚ ਪੇਸ਼ ਕੀਤੇ ਗਏ ਵਕਫ਼ ਬੋਰਡ ਸੋਧ ਬਿੱਲ ਦਾ ਉਦੇਸ਼ ਵਾਂਝੇ ਮੁਸਲਿਮ ਭਾਈਚਾਰਿਆਂ ਨੂੰ ਇਨਸਾਫ਼ ਦਿਵਾਉਣਾ ਹੈ। ਮਹਸਕੇ ਨੇ ਠਾਕਰੇ ‘ਤੇ ਆਉਣ ਵਾਲੀਆਂ ਚੋਣਾਂ ਵਿਚ ਕੁਝ ਧਾਰਮਿਕ ਸਮੂਹਾਂ ਦਾ ਸਮਰਥਨ ਗੁਆਉਣ ਦੇ ਡਰ ਤੋਂ ਬਿੱਲ ਦਾ ਵਿਰੋਧ ਕਰਨ ਦਾ ਦੋਸ਼ ਲਗਾਇਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਠਾਕਰੇ ਨੇ ਵਕਫ ਬੋਰਡ (ਸੋਧ) ਬਿੱਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ ਅਤੇ ਪੁੱਛਿਆ ਸੀ ਕਿ, ਕੀ ਤੁਸੀਂ ਵਕਫ ਬਿੱਲ ਸਾਡੇ ਵਿਚਕਾਰ ਲੜਾਈ ਪੈਦਾ ਕਰਨ ਲਈ ਲਿਆਏ ਹੋ? ਅਤੇ ਜੇਕਰ ਤੁਹਾਨੂੰ ਇਹ ਲਿਆਉਣਾ ਹੀ ਸੀ, ਤਾਂ ਤੁਸੀਂ ਅਜਿਹਾ ਕਿਉਂ ਨਹੀਂ ਕੀਤਾ ਜਦੋਂ ਤੁਹਾਡੇ ਕੋਲ ਬਹੁਮਤ ਸੀ? ਮੇਰੇ ਸੰਸਦ ਮੈਂਬਰ ਉੱਥੇ ਨਹੀਂ ਸੀ ਕਿਉਂਕਿ ਉਹ ਮੇਰੇ ਨਾਲ ਸਨ। ਜੇਕਰ ਇਸ ‘ਤੇ ਚਰਚਾ ਹੁੰਦੀ ਤਾਂ ਸਾਡੇ ਸੰਸਦ ਮੈਂਬਰ ਇਸ ‘ਚ ਹਿੱਸਾ ਲੈਂਦੇ।
ਇੰਨਾ ਹੀ ਨਹੀਂ, ਠਾਕਰੇ ਨੇ ਅਯੁੱਧਿਆ ‘ਚ ਜ਼ਮੀਨੀ ਸੌਦਿਆਂ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਦੀ ਮੰਗ ਕੀਤੀ ਸੀ ਅਤੇ ਭਾਜਪਾ ‘ਤੇ ਹਿੰਦੂ ਮੰਦਰਾਂ ਤੋਂ ਜ਼ਮੀਨ ਲੈ ਕੇ ਆਪਣੇ ਠੇਕੇਦਾਰ ਦੋਸਤਾਂ ਨੂੰ ਦੇਣ ਦਾ ਦੋਸ਼ ਲਗਾਇਆ ਸੀ।