Dhaka News: ਬੰਗਲਾਦੇਸ਼ ‘ਚ ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਹਿੰਸਾ ‘ਚ ਘੱਟੋ-ਘੱਟ 650 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਖੁਲਾਸਾ UNHCR ਨੇ ਆਪਣੀ ਰਿਪੋਰਟ ਵਿੱਚ ਕੀਤਾ ਹੈ। UNHCR ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇਸ ਸਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।
UNHCR ਨੇ ਆਪਣੀ ਵਿਸ਼ਲੇਸ਼ਣ ਰਿਪੋਰਟ ਵਿੱਚ ਕਿਹਾ ਹੈ ਕਿ 16 ਜੁਲਾਈ ਤੋਂ 11 ਅਗਸਤ ਦਰਮਿਆਨ ਬੰਗਲਾਦੇਸ਼ ਵਿੱਚ 600 ਤੋਂ ਵੱਧ ਲੋਕ ਮਾਰੇ ਗਏ ਹਨ। ਇਨ੍ਹਾਂ ‘ਚੋਂ 16 ਜੁਲਾਈ ਤੋਂ 4 ਅਗਸਤ ਤੱਕ 400 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਵਿਰੋਧ ਦੀ ਨਵੀਂ ਲਹਿਰ ਦੇ ਚੱਲਦਿਆਂ 5 ਅਗਸਤ ਤੋਂ 6 ਅਗਸਤ ਤੱਕ ਕਰੀਬ 250 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰਾਖਵਾਂਕਰਨ ਸੁਧਾਰ ਅੰਦੋਲਨ ਦੌਰਾਨ ਤਿੰਨ ਹਫ਼ਤਿਆਂ ਤੋਂ ਚੱਲੀ ਅਸ਼ਾਂਤੀ ਵਿੱਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਇਹ ਅੰਦੋਲਨ ਬਾਅਦ ਵਿੱਚ ਅਗਸਤ ਦੇ ਸ਼ੁਰੂ ਵਿੱਚ ਸਰਕਾਰ ਦਾ ਤਖਤਾ ਪਲਟਣ ਲਈ ਇੱਕ ਵੱਡੇ ਵਿਦਿਆਰਥੀ-ਨਾਗਰਿਕ ਵਿਦਰੋਹ ਵਿੱਚ ਬਦਲ ਗਿਆ। ਇਸ ਤੋਂ ਪਹਿਲਾਂ, ਸੰਯੁਕਤ ਰਾਸ਼ਟਰ ਨੇ ਬੇਦਖਲ ਅਵਾਮੀ ਲੀਗ ਸਰਕਾਰ ਨੂੰ ਕੋਟਾ ਸੁਧਾਰ ਪ੍ਰਦਰਸ਼ਨਾਂ ਦੌਰਾਨ ਭੜਕੀ ਹਿੰਸਾ ਦੀ ਸੁਤੰਤਰ ਜਾਂਚ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਤੋਂ ਮਦਦ ਮੰਗਣ ਦੇ ਬਾਵਜੂਦ ਸਰਕਾਰ ਨੇ ਕੌਮਾਂਤਰੀ ਸੰਸਥਾ ਨੂੰ ਸੁਤੰਤਰ ਜਾਂਚ ਨਹੀਂ ਕਰਨ ਦਿੱਤੀ।
ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਹਿੰਸਾ ਦਰਮਿਆਨ 5 ਅਗਸਤ ਨੂੰ ਬੰਗਲਾਦੇਸ਼ ਸਰਕਾਰ ਦਾ ਤਖਤਾ ਪਲਟ ਗਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜੇਦ ਨੂੰ ਬਾੰਗਲਾਦੇਸ਼ ਛੱਡ ਭਾਰਤ ਆਉਣਾ ਪਿਆ। ਹਾਲਾਂਕਿ, ਬੰਗਲਾਦੇਸ਼ ਵਿੱਚ ਇੱਕ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ ਹੈ। ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਹਨ। ਬੰਗਲਾਦੇਸ਼ ‘ਚ ਸੱਤਾ ਪਰਿਵਰਤਨ ਨਾਲ ਸ਼ੇਖ ਹਸੀਨਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਸ ਦੇ ਖਿਲਾਫ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ (ICT) ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ।