Dhaka News: ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦਾ ਸ਼ੁੱਕਰਵਾਰ ਨੂੰ ਵਿਸਥਾਰ ਕੀਤਾ ਗਿਆ ਅਤੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਟੀਮ ਵਿੱਚ ਚਾਰ ਹੋਰ ਸਲਾਹਕਾਰ ਸ਼ਾਮਲ ਕੀਤੇ ਗਏ। ਨਵੇਂ ਸਲਾਹਕਾਰਾਂ ਵਿੱਚ ਅਰਥ ਸ਼ਾਸਤਰੀ ਵਹੀਦੁਦੀਨ ਮਹਿਮੂਦ, ਸਾਬਕਾ ਕੈਬਨਿਟ ਸਕੱਤਰ ਅਲੀ ਇਮਾਮ ਮਜੂਮਦਾਰ, ਸਾਬਕਾ ਊਰਜਾ ਸਕੱਤਰ ਮੁਹੰਮਦ ਫੌਜੁਲ ਕਬੀਰ ਖਾਨ ਅਤੇ ਲੈਫਟੀਨੈਂਟ ਜਨਰਲ ਜਹਾਂਗੀਰ ਆਲਮ ਚੌਧਰੀ ਸ਼ਾਮਲ ਹਨ।
ਇਨ੍ਹਾਂ ਚਾਰ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਅੰਤਰਿਮ ਸਰਕਾਰ ਦੀ ਸਲਾਹਕਾਰ ਕੌਂਸਲ ਵਿੱਚ ਮੈਂਬਰਾਂ ਦੀ ਗਿਣਤੀ 21 ਹੋ ਗਈ ਹੈ। ਯੂਨਸ ਅਤੇ 13 ਹੋਰ ਸਲਾਹਕਾਰਾਂ ਨੇ 8 ਅਗਸਤ ਨੂੰ ਸਹੁੰ ਚੁੱਕੀ ਸੀ। ਦੋ ਸਲਾਹਕਾਰਾਂ ਨੂੰ 11 ਅਗਸਤ ਨੂੰ ਅਤੇ ਇੱਕ ਨੂੰ ਇਸ ਤੋਂ ਇੱਕ ਦਿਨ ਬਾਅਦ ਸਹੁੰ ਚੁਕਾਈ ਗਈ ਸੀ।
ਸ਼ੇਖ ਹਸੀਨਾ (76) ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੇ ਖਿਲਾਫ ਵਿਦਿਆਰਥੀਆਂ ਦੇ ਵਿਆਪਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ ਅਤੇ ਉਹ 5 ਅਗਸਤ ਨੂੰ ਦੇਸ਼ ਛੱਡ ਕੇ ਭਾਰਤ ਚਲੀ ਗਈ ਸਨ।
ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸਰਕਾਰ ਦੇ ਹੈੱਡਕੁਆਰਟਰ ਬੰਗਾ ਭਵਨ ਵਿਖੇ ਚਾਰ ਨਵੇਂ ਸਲਾਹਕਾਰਾਂ ਨੂੰ ਸਹੁੰ ਚੁਕਾਈ। ਉਨ੍ਹਾਂ ਦੱਸਿਆ ਕਿ ਸਲਾਹਕਾਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇੱਕ ਸਾਦੇ ਸਮਾਗਮ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ ਗਈ। ਉਨ੍ਹਾਂ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਯੂਨਸ ਬਾਅਦ ਵਿੱਚ ਉਨ੍ਹਾਂ ਦਾ ਵਿਭਾਗ ਅਲਾਟ ਕਰਨਗੇ। ਜ਼ਿਆਦਾਤਰ ਸਲਾਹਕਾਰ ਸਿਵਲ ਸੁਸਾਇਟੀ ਦੇ ਆਗੂ, ਅਕਾਦਮਿਕ, ਗੈਰ ਸਰਕਾਰੀ ਸੰਗਠਨ ਅਤੇ ਅਧਿਕਾਰ ਸਮੂਹ ਦੇ ਆਗੂ ਹਨ।
ਹਿੰਦੂਸਥਾਨ ਸਮਾਚਾਰ