Bollywood News: 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਵਿੱਚ ਫੀਚਰ ਫਿਲਮ, ਨਾਨ-ਫੀਚਰ ਫਿਲਮ ਅਤੇ ਸਾਰੀਆਂ ਸ਼੍ਰੇਣੀਆਂ ਵਿੱਚ ਸਾਲ 2022 ਲਈ ਪੁਰਸਕਾਰਾਂ ਲਈ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਮਨੋਜ ਬਾਜਪਾਈ ਦੀ ਫਿਲਮ ‘ਗੁਲਮੋਹਰ’ ਨੂੰ ਸਰਵੋਤਮ ਹਿੰਦੀ ਫਿਲਮ ਅਤੇ ਮਲਿਆਲਮ ਭਾਸ਼ਾ ਦੀ ਫਿਲਮ ‘ਅਟਮ’ ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ ਜਾਵੇਗਾ।
ਦੋ ਅਭਿਨੇਤਰੀਆਂ ਨੂੰ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਚੁਣਿਆ ਗਿਆ ਹੈ। ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਨਿਤਿਆ ਮੇਨੇਨ ਨੂੰ ਤਾਮਿਲ ਫਿਲਮ ‘ਥਿਰੁਚਿੱਤਰਬਲਮ’ ਲਈ ਅਤੇ ਮਾਨਸੀ ਪਾਰੇਖ ਨੂੰ ਗੁਜਰਾਤੀ ਫਿਲਮ ‘ਕੱਛ ਐਕਸਪ੍ਰੈਸ’ ਲਈ ਦਿੱਤਾ ਜਾਵੇਗਾ। ਕਾਂਤਾਰਾ ਲਈ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਰਿਸ਼ਭ ਸ਼ੈੱਟੀ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਜਾਵੇਗਾ। ਸਾਲ 2022 ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਸੂਰਜ ਬੜਜਾਤਿਆ ਨੂੰ ‘ਉੱਚਾਈ’ ਲਈ ਦਿੱਤਾ ਜਾਵੇਗਾ।
ਇਸ ਮੌਕੇ ਫ਼ੀਚਰ ਫ਼ਿਲਮ ਜਿਊਰੀ ਦੇ ਚੇਅਰਮੈਨ ਰਾਹੁਲ ਰਾਵੇਲ ਨੇ ਦੱਸਿਆ ਕਿ ਗੀਤਾਂ ਲਈ ਸਰਵੋਤਮ ਸੰਗੀਤ ਨਿਰਦੇਸ਼ਕ ਦਾ ਪੁਰਸਕਾਰ ਪ੍ਰੀਤਮ ਨੂੰ ‘ਬ੍ਰਹਮਾਸਤਰ’ ਲਈ ਦਿੱਤਾ ਜਾਵੇਗਾ। ਬੈਕਗਰਾਊਂਡ ਮਿਊਜ਼ਿਕ ਲਈ ਸਰਵੋਤਮ ਸੰਗੀਤ ਨਿਰਦੇਸ਼ਕ ਦਾ ਐਵਾਰਡ ਏ.ਆਰ ਰਹਿਮਾਨ ਨੂੰ ‘ਪੋਨੀਯਿਨ ਸੇਲਵਨ ਪਾਰਟ 1’ ਲਈ ਦਿੱਤਾ ਜਾਵੇਗਾ। ਗੁਜਰਾਤੀ ਫਿਲਮ ‘ਕੱਛ ਐਕਸਪ੍ਰੈਸ’ ਲਈ ਸਰਵੋਤਮ ਕਾਸਟਿਊਮ ਡਿਜ਼ਾਈਨਰ ਦਾ ਐਵਾਰਡ ਨਿਖਿਲ ਜੋਸ਼ੀ ਨੂੰ ਦਿੱਤਾ ਜਾਵੇਗਾ। ਸਰਵੋਤਮ ਕੰਨੜ ਫਿਲਮ ਦਾ ਪੁਰਸਕਾਰ ਹੋਂਬਲੇ ਫਿਲਮਜ਼ ਵੱਲੋਂ ਨਿਰਮਿਤ ਅਤੇ ਪ੍ਰਸ਼ਾਂਤ ਨੀਲ ਵੱਲੋਂ ਨਿਰਦੇਸ਼ਤ ਕੰਨੜ ਫਿਲਮ ‘ਕੇਜੀਐਫ ਚੈਪਟਰ 2’ ਨੂੰ ਦਿੱਤਾ ਜਾਵੇਗਾ।
ਸਰਵੋਤਮ ਸਹਾਇਕ ਅਭਿਨੇਤਰੀ ਦਾ ਪੁਰਸਕਾਰ ਨੀਨਾ ਗੁਪਤਾ ਨੂੰ ਫਿਲਮ ਉੱਚਾਈ ਲਈ ਦਿੱਤਾ ਜਾਵੇਗਾ। ਹਰਿਆਣਵੀ ਫਿਲਮ ਫੌਜਾ ਵਿੱਚ ਸਹਾਇਕ ਅਦਾਕਾਰ ਪਵਨ ਰਾਜ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਐਵਾਰਡ ਦਿੱਤਾ ਜਾਵੇਗਾ। ਮਲਿਆਲਮ ਫਿਲਮ ਮਲਿਕਾਪੁਰਮ ਲਈ ਸ਼੍ਰੀਪਥ ਨੂੰ ਸਰਵੋਤਮ ਬਾਲ ਕਲਾਕਾਰ, ਅਰਿਜੀਤ ਸਿੰਘ ਨੂੰ ਸਰਵੋਤਮ ਗਾਇਕ, ਬੰਬੇ ਜੈਸ਼੍ਰੀ ਨੂੰ ਸਰਵੋਤਮ ਗਾਇਕਾ ਦਾ ਪੁਰਸਕਾਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 11 ਭਾਸ਼ਾਵਾਂ ਦੀਆਂ ਫਿਲਮਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿੱਚ ਅਸਾਮ ਫਿਲਮ ਇਮੋਥੀ ਪੋਥੀ, ਬੰਗਾਲੀ ਫਿਲਮ ਕਾਬੇਰੀ ਅੰਤਰਧਾਨ, ਕੰਨੜ ਫਿਲਮ ਕੇਜੀਐਫ ਚੈਪਟਰ ਟੂ, ਮਲਿਆਲਮ ਫਿਲਮ ਸਾਊਦੀ ਵੇਲਕਾ, ਮਰਾਠੀ ਫਿਲਮ ਵਾਲਵੀ, ਉੜੀਆ ਫਿਲਮ ਦਮਨ, ਪੰਜਾਬੀ ਫਿਲਮ ਬਾਗੀ ਦੀ ਧੀ, ਤਾਮਿਲ ਫਿਲਮ ਪੁੰਨਯਿਨ ਸੇਲਵਾਨ ਅਤੇ ਤੇਲਗੂ ਫਿਲਮ ਕਾਰਤਿਕੇਯਾ-2 ਸ਼ਾਮਲ ਹਨ। ਰਾਸ਼ਟਰੀ ਫਿਲਮ ਪੁਰਸਕਾਰ ਅਕਤੂਬਰ ਵਿੱਚ ਰਾਸ਼ਟਰਪਤੀ ਵੱਲੋਂ ਦਿੱਤੇ ਜਾਣਗੇ।
ਹਿੰਦੂਸਥਾਨ ਸਮਾਚਾਰ