Shimla, Himachal: ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਲਗਾਤਾਰ ਸਰਗਰਮੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ-ਨਾਲਿਆਂ ਦਾ ਪਾਣੀ ਪੱਧਰ ਵਧ ਗਿਆ ਹੈ। ਜਿਸ ਕਾਰਨ ਸੂਬੇ ਦੇ 12 ‘ਚੋਂ 10 ਜ਼ਿਲਿਆਂ ‘ਚ ਚਾਰ ਰਾਸ਼ਟਰੀ ਮਾਰਗ ਅਤੇ 338 ਸੜਕਾਂ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ 488 ਬਿਜਲੀ ਟਰਾਂਸਫਾਰਮਰ ਅਤੇ 116 ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਪ੍ਰਭਾਵਿਤ ਹੋਣ ਦੇ ਨਾਲ ਨਾਲ ਸੂਬੇ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਚਿਤਾਵਨੀ ਦਿੱਤੀ ਹੈ।
ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਸੋਮਵਾਰ ਸਵੇਰ ਤੱਕ ਸੂਬੇ ‘ਚ ਢਿੱਗਾਂ ਡਿੱਗਣ ਕਾਰਨ ਚਾਰ ਰਾਸ਼ਟਰੀ ਰਾਜਮਾਰਗ ਅਤੇ 338 ਸੜਕਾਂ ਬੰਦ ਹਨ। ਸ਼ਿਮਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 104 ਸੜਕਾਂ ਬੰਦ ਹਨ। ਮੰਡੀ ਜ਼ਿਲ੍ਹੇ ਵਿੱਚ 71, ਸਿਰਮੌਰ ਵਿੱਚ 58, ਚੰਬਾ ਵਿੱਚ 55, ਸੋਲਨ ਅਤੇ ਲਾਹੌਲ-ਸਪੀਤੀ ਵਿੱਚ ਸੱਤ-ਸੱਤ, ਸੋਲਨ ਵਿੱਚ ਸੱਤ, ਕਿਨੌਰ ਵਿੱਚ ਪੰਜ, ਕਾਂਗੜਾ ਵਿੱਚ ਚਾਰ, ਬਿਲਾਸਪੁਰ ਵਿੱਚ ਇੱਕ ਸੜਕ ਬੰਦ ਹਨ। ਮੰਡੀ ਜ਼ਿਲ੍ਹੇ ਵਿਚ ਦੋ ਰਾਸ਼ਟਰੀ ਰਾਜਮਾਰਗ (ਐਨਐਚ-21 ਅਤੇ ਐਨਐਚ-70), ਕੁੱਲੂ ਵਿਚ ਐਨਐਚ-305 ਅਤੇ ਕਿਨੌਰ ਵਿਚ ਐਨਐਚ-05 ਬੰਦ ਹਨ। ਕਿਨੌਰ ਜ਼ਿਲ੍ਹੇ ਦੇ ਨਿਗੁਲਸੇਰੀ ਵਿੱਚ ਰਾਸ਼ਟਰੀ ਰਾਜਮਾਰਗ-05 ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗਣ ਕਾਰਨ ਵਾਰ-ਵਾਰ ਪ੍ਰਭਾਵਿਤ ਹੋ ਰਿਹਾ ਹੈ।
ਭਾਰੀ ਮੀਂਹ ਕਾਰਨ ਟਰਾਂਸਫਾਰਮਰ ਫੇਲ ਹੋਣ ਕਾਰਨ ਨੌਂ ਜ਼ਿਲ੍ਹਿਆਂ ਦੇ ਕਈ ਇਲਾਕੇ ਹਨੇਰੇ ਵਿੱਚ ਡੁੱਬ ਗਏ ਹਨ। ਊਨਾ ਜ਼ਿਲ੍ਹੇ ਵਿੱਚ 173, ਮੰਡੀ ਵਿੱਚ 101, ਸਿਰਮੌਰ ਵਿੱਚ 100, ਸ਼ਿਮਲਾ ਵਿੱਚ 46, ਕੁੱਲੂ ਵਿੱਚ 34, ਬਿਲਾਸਪੁਰ ਵਿੱਚ 24, ਹਮੀਰਪੁਰ ਵਿੱਚ ਛੇ, ਚੰਬਾ ਵਿੱਚ ਤਿੰਨ ਅਤੇ ਕਿਨੌਰ ਵਿੱਚ ਇੱਕ ਟਰਾਂਸਫਾਰਮਰ ਬੰਦ ਪਿਆ ਹੈ। ਇਸ ਤੋਂ ਇਲਾਵਾ ਭਾਰੀ ਮੀਂਹ ਨੇ ਕਈ ਜ਼ਿਲ੍ਹਿਆਂ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਾਜੈਕਟਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਸ਼ਿਮਲਾ ਵਿੱਚ 42, ਊਨਾ ਵਿੱਚ 41, ਸਿਰਮੌਰ ਵਿੱਚ 10, ਚੰਬਾ ਵਿੱਚ ਨੌਂ, ਕੁੱਲੂ ਅਤੇ ਲਾਹੌਲ-ਸਪੀਤੀ ਵਿੱਚ ਸੱਤ-ਸੱਤ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਠੱਪ ਪਏ ਹਨ।
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚਿਤਾਵਨੀ ਦਿੱਤੀ ਹੈ। ਚੰਬਾ, ਕਿਨੌਰ, ਮੰਡੀ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਵਿਭਾਗ ਨੇ 18 ਅਗਸਤ ਤੱਕ ਰਾਜ ਦੇ ਮੈਦਾਨੀ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ‘ਚ ਹੜ੍ਹਾਂ ਨੇ ਤਬਾਹੀ ਮਚਾਈ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਲਾਪਤਾ ਹੈ। ਇਸ ਦੌਰਾਨ ਬਚਾਅ ਟੀਮਾਂ ਨੇ ਹੜ੍ਹ ‘ਚ ਫਸੇ 11 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹਿਮਾਚਲ ਨਾਲ ਲੱਗਦੇ ਪੰਜਾਬ ਦੇ ਜੇਜੋ ਇਲਾਕੇ ‘ਚ ਊਨਾ ਜ਼ਿਲ੍ਹੇ ਦੇ ਇੱਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲਾਪਤਾ ਹਨ। ਹੜ੍ਹ ਕਾਰਨ ਪੰਜ ਘਰ ਅਤੇ ਪੰਜ ਦੁਕਾਨਾਂ ਤਬਾਹ ਹੋ ਗਈਆਂ।
ਹਿੰਦੂਸਥਾਨ ਸਮਾਚਾਰ