Jashpur, Chhattisgarh : ਛੱਤੀਸਗੜ੍ਹ ‘ਚ ਜਸ਼ਪੁਰ ਜ਼ਿਲ੍ਹੇ ਦੀ ਨਗਰ ਪੰਚਾਇਤ ਬਗੀਚਾ ਦੇ ਗਮਹਰੀਆ ਵਾਰਡ ਨੰਬਰ 9 ‘ਚ ਰਾਤ ਨੂੰ ਹਾਥੀ ਦੇ ਹਮਲੇ ‘ਚ ਘਰ ਵਿੱਚ ਸੁੱਤੇ ਪਏ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਿਤਾ, ਧੀ, ਚਾਚਾ ਅਤੇ ਗੁਆਂਢੀ ਨੌਜਵਾਨ ਸ਼ਾਮਲ ਹਨ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਪਹੁੰਚ ਗਈ।
ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਇੱਕ ਹਾਥੀ ਇਲਾਕੇ ਵਿੱਚ ਘੁੰਮ ਰਿਹਾ ਸੀ। ਹਾਥੀ ਨੇ ਬਗੀਚਾ ਵਿੱਚ ਹੰਗਾਮਾ ਮਚਾ ਦਿੱਤਾ। ਹਾਥੀ ਨੇ ਸੜਕ ਕਿਨਾਰੇ ਇੱਕ ਘਰ ‘ਤੇ ਹਮਲਾ ਕਰ ਦਿੱਤਾ। ਘਰ ਵਿੱਚ ਛੇ ਵਿਅਕਤੀ ਸੌਂ ਰਹੇ ਸਨ। ਹਮਲੇ ‘ਚ ਘਰ ਦੀ ਕੰਧ ਪੂਰੀ ਤਰ੍ਹਾਂ ਢਹਿ ਗਈ। ਦੋ ਬੱਚੇ ਵੀ ਮਲਬੇ ਹੇਠ ਦੱਬ ਗਏ। ਪਿੰਡ ਵਾਸੀਆਂ ਨੇ ਦੋਵਾਂ ਬੱਚਿਆਂ ਨੂੰ ਬਾਹਰ ਕੱਢਣ ਲਈ ਰਾਤ ਭਰ ਮਿਹਨਤ ਕੀਤੀ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਖਰਾਬ ਮੌਸਮ ਕਾਰਨ ਬਿਜਲੀ ਨਹੀਂ ਸੀ। ਇਸ ਕਾਰਨ ਪਿੰਡ ਵਾਲਿਆਂ ਨੂੰ ਕੁਝ ਸਮਝ ਨਹੀਂ ਆਇਆ ਅਤੇ ਹਾਥੀ ਨੇ ਹਮਲਾ ਕਰਨਾ ਜਾਰੀ ਰੱਖਿਆ। ਹਾਥੀ ਨੇ ਘਰ ਦੇ ਅੰਦਰ ਸੁੱਤੇ ਪਏ ਪਿਤਾ, ਧੀ ਅਤੇ ਚਾਚੇ ਨੂੰ ਚੁੱਕ-ਚੁੱਕ ਕੇ ਮਾਰਿਆ। ਗੁਆਂਢ ਦਾ ਇੱਕ ਨੌਜਵਾਨ ਮਦਦ ਲਈ ਆਇਆ, ਪਰ ਹਾਥੀ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਉਸਦੀ ਵੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਰਾਮ ਕੇਸ਼ਵਰ ਸੋਨੀ (35), ਰਵਿਤਾ ਸੋਨੀ (9), ਅਜੇ ਸੋਨੀ (25) ਅਤੇ ਗੁਆਂਢੀ ਅਸ਼ਵਨੀ ਕੁਜੂਰ (28) ਸ਼ਾਮਲ ਹਨ।
ਬਗੀਚਾ ਦੇ ਏਡੀਐਮ ਓਮਕਾਰ ਯਾਦਵ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਤੁਰੰਤ ਮੁਆਵਜ਼ੇ ਦੇ ਪ੍ਰਬੰਧ ਕਰਕੇ ਜੰਗਲਾਤ ਅਮਲੇ ਨੂੰ ਮਦਦ ਕਰਨ ਦੇ ਹੁਕਮ ਦਿੱਤੇ ਹਨ। ਐਸਪੀ ਸ਼ਸ਼ੀ ਮੋਹਨ ਸਿੰਘ ਨੇ ਦੱਸਿਆ ਕਿ ਅੱਜ ਚਾਰਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਹਿੰਦੂਸਥਾਨ ਸਮਾਚਾਰ