Dhaka, Bangladesh: ਬੰਗਲਾਦੇਸ਼ ’ਚ ਢਾਕਾ ਸਮੇਤ ਪੂਰੇ ਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ਖਿਲਾਫ ਢਾਕਾ ‘ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਹਮਲਿਆਂ ਵਿਚ ਇਕ ਅਧਿਆਪਕ ਸਮੇਤ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 45 ਲੋਕ ਜ਼ਖਮੀ ਹੋ ਗਏ ਹਨ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਹੋ ਚੁੱਕੀ ਹੈ ਅਤੇ ਮੰਦਰਾਂ ‘ਤੇ ਹਮਲੇ ਹੋਏ ਹਨ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਦਫ਼ਤਰ ਨੇ ਕਿਹਾ ਹੈ ਕਿ ਬੰਗਲਾਦੇਸ਼ ਵਿੱਚ ਹਿੰਸਾ ਨੂੰ ਰੋਕਿਆ ਜਾਣਾ ਚਾਹੀਦਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਹਰ ਤਰ੍ਹਾਂ ਦੀ ਨਸਲਵਾਦੀ ਹਿੰਸਾ ਦੇ ਖਿਲਾਫ ਹੈ ਅਤੇ ਇਸ ਨੂੰ ਰੋਕਣ ਲਈ ਤੁਰੰਤ ਉਪਾਅ ਕੀਤੇ ਜਾਣ। ਹਿੰਸਾ ਦੇ ਸ਼ਿਕਾਰ ਅਤੇ ਡਰੇ ਹੋਏ ਹਜ਼ਾਰਾਂ ਬੰਗਲਾਦੇਸ਼ੀ ਹਿੰਦੂ ਗੁਆਂਢੀ ਦੇਸ਼ ਭਾਰਤ ਵਿਚ ਦਾਖਲ ਹੋਣ ਲਈ ਸਰਹੱਦ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੂੰ ਸਮਝਾ ਕੇ ਵਾਪਸ ਭੇਜਿਆ ਜਾ ਰਿਹਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ। ਸਹੁੰ ਚੁੱਕਣ ਤੋਂ ਬਾਅਦ ਬੰਗਲਾਦੇਸ਼ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਦੇਸ਼ ਵਿੱਚ ਲੋਕਤੰਤਰ, ਨਿਆਂ, ਮਨੁੱਖੀ ਅਧਿਕਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਣ ਦਾ ਵਾਅਦਾ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਬੰਗਲਾਦੇਸ਼ ‘ਚ ਅਰਾਜਕਤਾ ਦਰਮਿਆਨ ਘੱਟ ਗਿਣਤੀ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਨਿਸ਼ਚਿਤ ਤੌਰ ‘ਤੇ ਕਿਸੇ ਵੀ ਨਸਲੀ ਹਮਲੇ ਜਾਂ ਇਸ ‘ਤੇ ਆਧਾਰਿਤ ਹਿੰਸਾ ਨੂੰ ਭੜਕਾਉਣ ਦੇ ਖਿਲਾਫ਼ ਖੜ੍ਹੇ ਹਾਂ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਉਪ ਬੁਲਾਰੇ ਫਰਹਾਨ ਹਕ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਜੋ ਸਪੱਸ਼ਟ ਕੀਤਾ ਹੈ ਉਹ ਇਹ ਹੈ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਬੰਗਲਾਦੇਸ਼ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਹੋਈ ਹਿੰਸਾ ਨੂੰ ਘੱਟ ਕੀਤਾ ਜਾਵੇ। ਉਹ ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ‘ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ ‘ਤੇ ਜਵਾਬ ਦੇ ਰਹੇ ਸਨ।
ਬੰਗਲਾਦੇਸ਼ ਹਿੰਦੂ, ਬੋਧੀ, ਈਸਾਈ ਏਕਤਾ ਕੌਂਸਲ ਦੇ ਅਨੁਸਾਰ ਦੇਸ਼ ਦੇ 64 ਜ਼ਿਲ੍ਹਿਆਂ ਵਿੱਚੋਂ 52 ਵਿੱਚ ਹਿੰਦੂਆਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੌਂਸਲ ਨੇ ਕਿਹਾ ਹੈ ਕਿ ਦੇਸ਼ ਵਿੱਚ ਰਹਿ ਰਹੀ ਘੱਟ ਗਿਣਤੀ ਆਬਾਦੀ ਇਸ ਸਥਿਤੀ ਕਾਰਨ ਭਵਿੱਖ ਦੀ ਅਨਿਸ਼ਚਿਤਤਾ ਤੋਂ ਡੂੰਘੀ ਬੇਚੈਨ ਅਤੇ ਡਰੀ ਹੋਈ ਹੈ। ਕੌਂਸਲ ਨੇ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਬੰਗਲਾਦੇਸ਼ ਵਿੱਚ ਭਿਆਨਕ ਅਰਾਜਕਤਾ ਦੇ ਵਿਚਕਾਰ, ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਅਤੇ ਭਾਰਤ ਪਹੁੰਚਣ ਤੋਂ ਬਾਅਦ ਕਈ ਹਿੰਦੂ ਮੰਦਰਾਂ ਅਤੇ ਉਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਹੈ। ਇਸ ਦੌਰਾਨ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨਾਲ ਸਬੰਧਤ ਘੱਟੋ-ਘੱਟ ਦੋ ਹਿੰਦੂ ਨੇਤਾਵਾਂ ਦੀ ਹੱਤਿਆ ਕਰ ਦਿੱਤੀ ਗਈ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ‘ਚ ਬੰਗਲਾਦੇਸ਼ ‘ਚ ਬਣੀ ਨਵੀਂ ਅੰਤਰਿਮ ਸਰਕਾਰ ਤੋਂ ਉਮੀਦਾਂ ਹਨ। ਯਕੀਨੀ ਤੌਰ ‘ਤੇ ਜਨਤਾ ਵਿੱਚ ਹਿੰਸਾ ਵਿੱਚ ਕਮੀ ਦਾ ਕੋਈ ਵੀ ਸੰਕੇਤ ਚੰਗੀ ਗੱਲ ਹੈ।
ਇਹ ਪੁੱਛੇ ਜਾਣ ‘ਤੇ ਕਿ ਕੀ ਸਕੱਤਰ-ਜਨਰਲ ਗੁਟੇਰੇਸ ਨੇ ਯੂਨਸ ਨੂੰ ਵਧਾਈ ਦਿੱਤੀ ਜਾਂ ਉਨ੍ਹਾਂ ਨਾਲ ਫ਼ੋਨ ‘ਤੇ ਗੱਲ ਕੀਤੀ। ਜਵਾਬ ‘ਚ ਫਰਹਾਨ ਨੇ ਕਿਹਾ ਕਿ ਗੁਟੇਰੇਸ ਨੇ ਗੱਲ ਨਹੀਂ ਕੀਤੀ, ਪਰ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਗਵਿਨ ਲੁਈਸ ਨੇ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲਿਆ ਸੀ।
ਦਸ ਦਇਏ ਕਿ ਇਹ ਸਭ ਐਤਵਾਰ ਅਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਅੰਦੋਲਨ ਦੌਰਾਨ ਹੋਇਆ।
ਗੌਰਤਲਬ ਹੈ ਕਿ ਮੁਸਲਿਮ ਬਹੁਗਿਣਤੀ ਵਾਲੇ ਬੰਗਲਾਦੇਸ਼ ਦੀ 17 ਕਰੋੜ ਆਬਾਦੀ ਵਿੱਚੋਂ ਹਿੰਦੂਆਂ ਦੀ ਆਬਾਦੀ ਅੱਠ ਫੀਸਦੀ (1.35 ਕਰੋੜ) ਹੈ। ਦੇਸ਼ ਦੀ ਬਹੁਗਿਣਤੀ ਹਿੰਦੂ ਆਬਾਦੀ ਰਵਾਇਤੀ ਤੌਰ ‘ਤੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੀ ਸਮਰਥਕ ਰਹੀ ਹੈ ਅਤੇ ਹਿੰਸਾ ਵਿੱਚ ਅਵਾਮੀ ਲੀਗ ਦੇ ਸਮਰਥਕ ਅਤੇ ਦਫ਼ਤਰ ਹਿੰਸਕ ਅੰਦੋਲਨਕਾਰੀਆਂ ਦੇ ਨਿਸ਼ਾਨੇ ‘ਤੇ ਰਹੇ ਹਨ।
ਹਿੰਦੂਸਥਾਨ ਸਮਾਚਾਰ