New Delhi: ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਦੱਸਿਆ ਕਿ ਸਰਕਾਰ ਨੇ ਰੂਸੀ ਫੌਜ ‘ਚ ਭਾਰਤੀਆਂ ਦੀ ਤਾਇਨਾਤੀ ਦੇ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਮਾਮਲੇ ਨੂੰ ਉਨ੍ਹਾਂ ਨੇ ਖੁਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਰੁਤਬਾ ਕੋਲ ਉਠਾਇਆ ਹੈ। ਅਸੀਂ ਫਿਲਹਾਲ ਰੂਸੀ ਫੌਜ ਤੋਂ 69 ਭਾਰਤੀਆਂ ਦੇ ਕਾਰਜਮੁਕਤ ਹੋਣ ਅਤੇ ਉਨ੍ਹਾਂ ਦੀ ਘਰ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਾਂ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਰੂਸੀ ਫੌਜ ਵਿੱਚ ਭਾਰਤੀਆਂ ਦੀ ਤਾਇਨਾਤੀ ਅਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਭਾਰਤੀਆਂ ਦੀ ਜਬਰੀ ਭਰਤੀ ਨੂੰ ਲੈ ਕੇ ਸਰਕਾਰ ਗੰਭੀਰ ਹੈ। ਰੂਸੀ ਫੌਜ ਵਿਚ ਭਾਰਤੀਆਂ ਬਾਰੇ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਗੁੰਮਰਾਹ ਕਰਕੇ ਉਥੇ ਲਿਜਾਇਆ ਗਿਆ ਹੈ। ਰੂਸੀ ਫੌਜ ਵਿੱਚ 91 ਭਾਰਤੀਆਂ ਦੀ ਤਾਇਨਾਤੀ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਵਿੱਚੋਂ 8 ਦੀ ਮੌਤ ਹੋ ਚੁੱਕੀ ਹੈ। 14 ਕਾਰਜਮੁਕਤ ਹੋ ਕੇ ਵਾਪਸ ਆ ਗਏ ਹਨ ਅਤੇ 69 ਦੀ ਵਾਪਸੀ ਦਾ ਇੰਤਜ਼ਾਰ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਰੂਸ ਦੇ ਵਿਦੇਸ਼ ਮੰਤਰੀ ਕੋਲ ਉਠਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੌਰਾਨ ਵੀ ਇਹ ਮੁੱਦਾ ਉਠਾਇਆ ਹੈ। ਸਮੱਸਿਆ ਇਹ ਹੈ ਕਿ ਰੂਸੀ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਰੂਸੀ ਫੌਜ ਨਾਲ ਸਮਝੌਤਾ ਕੀਤਾ ਹੈ।
ਹਿੰਦੂਸਥਾਨ ਸਮਾਚਾਰ