Dhaka, Bangladesh News: ਬੰਗਲਾਦੇਸ਼ ‘ਚ ਤਖਤਾਪਲਟ ਅਤੇ ਸ਼ੇਖ ਹਸੀਨਾ ਦੇ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਵੀਰਵਾਰ ਨੂੰ ਦੇਸ਼ ਦੇ ਨਵੇਂ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਫਿਲਹਾਲ ਮੁਹੰਮਦ ਯੂਨਸ ਦੀ ਕੈਬਨਿਟ ‘ਚ 16 ਲੋਕ ਸ਼ਾਮਲ ਹੋਏ ਹਨ। ਹਾਲਾਂਕਿ ਮੰਤਰੀ ਮੰਡਲ ‘ਚ ਸ਼ਾਮਲ ਮੈਂਬਰਾਂ ਨੂੰ ਮੰਤਰੀਆਂ ਦਾ ਨਹੀਂ ਸਗੋਂ ਸਲਾਹਕਾਰ ਦਾ ਦਰਜਾ ਦਿੱਤਾ ਗਿਆ ਹੈ।
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੀ ਕੈਬਨਿਟ ਕੁਜ ਇਸ ਤਰ੍ਹਾਂ ਹੈ-
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੀ ਕੈਬਨਿਟ ਵਿੱਚ ਮੁੱਖ ਸਲਾਹਕਾਰ ਮੁਹੰਮਦ ਯੂਨਸ ਹਨ ਤੋਂ ਅਲਾਵਾ ਹੋਰ 16 ਸਲਾਹਕਾਰ ਸ਼ਾਮਲ ਹਮ। ਸਈਦਾ ਰਿਜ਼ਵਾਨਾ ਹਸਨ, ਫਰੀਦਾ ਅਖਤਰ, ਆਦਿਲੁਰ ਰਹਿਮਾਨ ਖਾਨ, ਖਾਲਿਦ ਹੁਸੈਨ, ਨੂਰਜਹਾਂ ਬੇਗਮ, ਸ਼ਰਮੀਨ ਮੁਰਸ਼ੀਦ, ਬੀਰ ਪ੍ਰਤੀਕ ਫਾਰੂਕ-ਏ-ਆਜ਼ਮ, ਨਾਹੀਦ ਇਸਲਾਮ, ਆਸਿਫ ਮਹਿਮੂਦ, ਸਲੇਹੁਦੀਨ ਅਹਿਮਦ, ਪ੍ਰੋਫੈਸਰ ਆਸਿਫ ਨਜ਼ਰੂਲ, ਏ. ਐੱਫ. ਹਸਨ ਆਰਿਫ, ਸੁਪ੍ਰਦੀਪ ਚਕਮਾ, ਪ੍ਰੋਫੈਸਰ ਬਿਧਾਨ ਰੰਜਨ ਰਾਏ, ਤੌਹੀਦ ਹੁਸੈਨ, ਸਾਬਕਾ ਬ੍ਰਿਗੇਡੀਅਰ ਜਨਰਲ ਐੱਮ ਸੇਖਾਵਤ ਹੁਸੈਨ, ਮੁਹੱਮਦ ਨਜ਼ਰੂਲ ਇਸਲਾਮ, ਪ੍ਰੋਫੇਸਰ ਬਿਧਾਨ ਰੰਜਨ ਰਾਇ।
ਮੰਤਰੀ ਮੰਡਲ ਦੇ ਮੈਂਬਰਾਂ ਵਿੱਚ ਅਸੰਤੁਸ਼ਟ ਵਿਦਿਆਰਥੀ ਸਮੂਹ ਦੇ ਪ੍ਰਮੁੱਖ ਆਗੂ ਨਾਹੀਦ ਇਸਲਾਮ ਅਤੇ ਆਸਿਫ਼ ਮਹਿਮੂਦ ਵੀ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਕਈ ਹਫ਼ਤਿਆਂ ਤੱਕ ਦੇਸ਼ ਵਿੱਚ ਵਿਦਿਆਰਥੀ ਅੰਦੋਲਨ ਦੀ ਅਗਵਾਈ ਕੀਤੀ ਹੈ।
ਕੈਬਨਿਟ ਦੇ ਹੋਰ ਮੈਂਬਰਾਂ ਵਿੱਚ ਸਾਬਕਾ ਵਿਦੇਸ਼ ਸਕੱਤਰ ਤੌਹੀਦ ਹੁਸੈਨ ਅਤੇ ਸਾਬਕਾ ਅਟਾਰਨੀ ਜਨਰਲ ਹਸਨ ਆਰਿਫ਼ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਵਾਤਾਵਰਨ ਮੁੱਦਿਆਂ ‘ਤੇ ਕੰਮ ਕਰਨ ਵਾਲੀ ਵਕੀਲ ਸਈਦਾ ਰਿਜ਼ਵਾਨਾ ਹਸਨ ਅਤੇ ਉੱਘੇ ਕਾਨੂੰਨ ਪ੍ਰੋਫੈਸਰ ਆਸਿਫ਼ ਨਜ਼ਰੁਲ ਵੀ ਕੈਬਨਿਟ ਮੈਂਬਰਾਂ ‘ਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਨੁੱਖੀ ਅਧਿਕਾਰ ਕਾਰਕੁਨ ਆਦਿਲੁਰ ਰਹਿਮਾਨ ਖਾਨ ਨੂੰ ਵੀ ਇਸ ਵਿੱਚ ਥਾਂ ਮਿਲੀ ਹੈ। ਸ਼ੇਖ ਹਸੀਨਾ ਸਰਕਾਰ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ।
ਦੱਸ ਦੇਈਏ ਕਿ ਬੰਗਲਾਦੇਸ਼ ਵਿੱਚ 17 ਸਾਲਾਂ ਬਾਅਦ ਅੰਤਰਿਮ ਸਰਕਾਰ ਬਣੀ ਹੈ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਨੇ 15 ਸਾਲ ਤੱਕ ਬੰਗਲਾਦੇਸ਼ ‘ਤੇ ਇਕਪਾਸੜ ਰਾਜ ਕੀਤਾ। ਅਵਾਮੀ ਲੀਗ ਦੀ ਨੇਤਾ ਸ਼ੇਖ ਹਸੀਨਾ ਨੂੰ ਭਾਰੀ ਬਗਾਵਤ ਕਾਰਨ ਸੋਮਵਾਰ ਨੂੰ ਅਸਤੀਫਾ ਦੇਣ ਅਤੇ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ।
ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਸ਼ਲ ਮੀਡੀਆ ‘ਤੇ ਅੰਤਰਿਮ ਪ੍ਰਧਾਨ ਮੰਤਰੀ ਮੁਹੰਮਦ ਯੂਨਸ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ‘ਐਕਸ’ ਅਕਾਉਂਟ ‘ਤੇ, ਪੀਐਮ ਮੋਦੀ ਨੇ ਲਿਖਿਆ, “ਪ੍ਰੋਫੈਸਰ ਮੁਹੰਮਦ ਯੂਨਸ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਮੇਰੀਆਂ ਸ਼ੁਭਕਾਮਨਾਵਾਂ। ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਆਮ ਸਥਿਤੀ ਬਹਾਲ ਹੋ ਜਾਵੇਗੀ, ਜਿਸ ਨਾਲ
ਹਿੰਦੂਆਂ ਅਤੇ ਹੋਰ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਹੋਵੇਗੀ। ਭਾਰਤ ਬੰਗਲਾਦੇਸ਼ ਨਾਲ ਕੰਮ ਕਰਨ ਅਤੇ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਜ਼ਿਕਰਯੋਗ ਹੈ ਸ਼ੇਖ ਹਸੀਨਾ ਦੇ ਸ਼ਾਸਨ ਦੌਰਾਨ ਗਬਨ ਦੇ ਦੋਸ਼ਾਂ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨ ਵਾਲੇ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਮੁਹੰਮਦ ਯੂਨਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਹਸੀਨਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਯੂਨਸ ਹੁਣ ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੇ ਮੁਖੀ ਬਣ ਗਏ ਹਨ। ਯੂਨਸ ਨੂੰ “ਸਭ ਤੋਂ ਗਰੀਬ ਲੋਕਾਂ ਦਾ ਬੈਂਕਰ” ਵੀ ਕਿਹਾ ਜਾਂਦਾ ਹੈ। ਇਸਨੂੰ ਲੈ ਕੇ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਇਕ ਵਾਰ ਹਸੀਨਾ ਨੇ ਯੂਨਸ ਨੂੰ “ਖੂਨ ਚੂਸਣ ਵਾਲਾ” ਕਿਹਾ ਸੀ।
ਉਨ੍ਹਾਂ ਨੂੰ ਹਸੀਨਾ ਦਾ ਕੱਟੜ ਆਲੋਚਕ ਅਤੇ ਵਿਰੋਧੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਹਸੀਨਾ ਦੇ ਅਸਤੀਫੇ ਨੂੰ ਦੇਸ਼ ਦਾ “ਦੂਜਾ ਮੁਕਤੀ ਦਿਵਸ” ਦੱਸਿਆ ਹੈ। ਯੂਨਸ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ, ਦਾ ਜਨਮ 1940 ਵਿੱਚ ਚਟਗਾਂਵ, ਭਾਰਤ ਵਿੱਚ ਹੋਇਆ ਸੀ, ਜੋ ਹੁਣ ਬੰਗਲਾਦੇਸ਼ ਦਾ ਇੱਕ ਪ੍ਰਮੁੱਖ ਬੰਦਰਗਾਹ ਵਾਲਾ ਸ਼ਹਿਰ ਹੈ। ਉਨ੍ਹਾਂ ਨੇ ਵੈਂਡਰਬਿਲਟ ਯੂਨੀਵਰਸਿਟੀ, ਯੂਐਸਏ ਤੋਂ ਆਪਣੀ ਪੀਐਚਡੀ ਪ੍ਰਾਪਤ ਕੀਤੀ ਅਤੇ ਬੰਗਲਾਦੇਸ਼ ਵਾਪਸ ਆਉਣ ਤੋਂ ਪਹਿਲਾਂ ਕੁਝ ਸਮੇਂ ਲਈ ਉਥੇ ਪੜ੍ਹਾਇਆ।
ਹਿੰਦੂਸਥਾਨ ਸਮਾਚਾਰ