Paris Olympics 2024: ਪੈਰਿਸ ਓਲੰਪਿਕ 2024 ਵਿੱਚ ਜੈਵਲਿਨ ਵਿੱਚ ਭਾਰਤੀ ਥ੍ਰੋਅਰ ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ 89.45 ਮੀਟਰ ਦੀ ਥਰੋਅ ਕੀਤੀ। ਉੱਥੇ ਨਾਲ ਹੀ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਥਰੋਅ ਕਰਕੇ ਓਲੰਪਿਕ ਰਿਕਾਰਡ ਬਣਾਇਆ ਅਤੇ ਸੋਨ ਤਮਗਾ ਜਿੱਤਿਆ। ਜਦਕਿ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟ ਕੇ ਕਾਂਸੀ ਦਾ ਤਗਮਾ ਜਿੱਤਿਆ।
ਨੀਰਜ ਚੋਪੜਾ ਦੀ ਪਹਿਲੀ ਕੋਸ਼ਿਸ਼ ਫਾਊਲ ਹੋ ਗਈ। ਹਾਲਾਂਕਿ ਦੂਜੀ ਕੋਸ਼ਿਸ਼ ‘ਚ ਨੀਰਜ ਚੋਪੜਾ ਨੇ 89.45 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤੋਂ ਬਾਅਦ ਨੀਰਜ ਦੀਆਂ ਬਾਕੀ ਕੋਸ਼ਿਸ਼ਾਂ ਫਾਊਲ ਰਹੀਆਂ। ਅਜਿਹੇ ‘ਚ ਨੀਰਜ ਨੇ ਸਿਰਫ ਇਕ ਸਫਲ ਥਰੋਅ ਰਾਹੀਂ ਦੂਜਾ ਸਥਾਨ ਹਾਸਲ ਕੀਤਾ। ਇਹ ਸੀਜ਼ਨ ਦਾ ਉਨ੍ਹਾਂ ਦਾ ਸਰਵੋਤਮ ਥਰੋਅ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਵੋਤਮ ਥਰੋਅ ਓਲੰਪਿਕ ਲਈ ਕੁਆਲੀਫਾਈ ਕਰਨ ‘ਚ ਆਇਆ, ਜਿੱਥੇ ਉਨ੍ਹਾਂ ਨੇ 89.34 ਮੀਟਰ ਦੀ ਦੂਰੀ ਤੈਅ ਕੀਤੀ ਸੀ।
ਪਾਕਿਸਤਾਨੀ ਅਥਲੀਟ ਅਰਸ਼ਦ ਨਦੀਮ ਨੇ ਆਪਣੇ ਦੂਜੇ ਥਰੋਅ ਵਿੱਚ 92.97 ਮੀਟਰ ਥਰੋਅ ਕਰਕੇ ਨਵਾਂ ਓਲੰਪਿਕ ਰਿਕਾਰਡ ਬਣਾਇਆ। ਉਨ੍ਹਾਂ ਨੇ ਛੇਵਾਂ ਅਤੇ ਆਖਰੀ ਥਰੋਅ 91.79 ਮੀਟਰ ਲਗਾਇਆ। ਇਸ ਤਰ੍ਹਾਂ ਨਦੀਮ ਨੇ ਸੋਨ ਤਮਗਾ ਜਿੱਤਿਆ। 1992 ਬਾਰਸੀਲੋਨਾ ਓਲੰਪਿਕ ਤੋਂ ਬਾਅਦ ਪਾਕਿਸਤਾਨ ਦਾ ਇਹ ਪਹਿਲਾ ਓਲੰਪਿਕ ਤਮਗਾ ਹੈ।
ਹਿੰਦੂਸਥਾਨ ਸਮਾਚਾਰ