New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ਪੋਸਟ ਵਿੱਚ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਨੀਰਜ ਦੀ ਇਸ ਕਾਮਯਾਬੀ ਦਾ ਜਸ਼ਨ ਉਨ੍ਹਾਂ ਦੇ ਘਰ ਮਨਾਇਆ ਜਾ ਰਿਹਾ ਹੈ। ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਹੈ, “ਨੀਰਜ ਚੋਪੜਾ ਉੱਤਮਤਾ ਦੀ ਇੱਕ ਸੱਚੀ ਮਿਸਾਲ ਹਨ। ਉਨ੍ਹਾਂ ਨੇ ਵਾਰ-ਵਾਰ ਆਪਣੀ ਪ੍ਰਤਿਭਾ ਨੂੰ ਦਿਖਾਇਆ ਹੈ। ਭਾਰਤ ਨੂੰ ਖੁਸ਼ੀ ਹੈ ਕਿ ਉਹ ਇੱਕ ਵਾਰ ਫਿਰ ਓਲੰਪਿਕ ਵਿੱਚ ਸਫਲ ਰਹੇ ਹਨ। ਚਾਂਦੀ ਦਾ ਤਗਮਾ ਜਿੱਤਣ ‘ਤੇ ਉਨ੍ਹਾਂ ਨੂੰ ਵਧਾਈ। ਉਹ ਆਉਣ ਵਾਲੇ ਅਣਗਿਣਤ ਐਥਲੀਟਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਸਾਡੇ ਦੇਸ਼ ਨੂੰ ਮਾਣ ਦਿਵਾਉਣ ਲਈ ਪ੍ਰੇਰਿਤ ਕਰਦੇ ਰਹਿਣਗੇ।’’
Neeraj Chopra is excellence personified! Time and again he’s shown his brilliance. India is elated that he comes back with yet another Olympic success. Congratulations to him on winning the Silver. He will continue to motivate countless upcoming athletes to pursue their dreams… pic.twitter.com/XIjfeDDSeb
— Narendra Modi (@narendramodi) August 8, 2024
ਰੱਖਿਆ ਮੰਤਰੀ ਸਿੰਘ ਨੇ ਲਿਖਿਆ ਹੈ, “ਅਸਧਾਰਨ ਅਥਲੀਟ ਨੀਰਜ ਚੋਪੜਾ ਨੂੰ ਪੈਰਿਸ ਓਲੰਪਿਕ 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਅਤੇ ਚਾਂਦੀ ਦਾ ਤਗਮਾ ਜਿੱਤਣ ਲਈ ਬਹੁਤ-ਬਹੁਤ ਵਧਾਈ। ਉਹ ਸਖ਼ਤ ਮਿਹਨਤ, ਸਮਰਪਣ ਅਤੇ ਨਿਰੰਤਰਤਾ ਦੇ ਪ੍ਰਤੀਕ ਹਨ। ਉਨ੍ਹਾਂ ਦੀ ਸਫਲਤਾ ਤੋਂ ਪੂਰਾ ਦੇਸ਼ ਖੁਸ਼ ਹੈ।”
ਚੋਟੀ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਕਿਹਾ, “ਮੁਕਾਬਲਾ ਸ਼ਾਨਦਾਰ ਸੀ। ਹਰ ਖਿਡਾਰੀ ਦਾ ਆਪਣਾ ਦਿਨ ਹੁੰਦਾ ਹੈ, ਅੱਜ ਅਰਸ਼ਦ ਦਾ ਦਿਨ ਸੀ। ਟੋਕੀਓ, ਬੁਡਾਪੇਸਟ, ਏਸ਼ੀਅਨ ਖੇਡਾਂ ਦਾ ਆਪਣਾ ਦਿਨ ਸੀ… । ਮੈਂ ਆਪਣਾ ਸਰਵੋਤਮ ਦਿੱਤਾ, ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ’ਤੇ ਧਿਆਨ ਦੇਣ ਅਤੇ ਕੰਮ ਕਰਨ ਦੀ ਜ਼ਰੂਰਤ ਹੈ….। ਸਾਡਾ ਰਾਸ਼ਟਰ ਗਾਣ ਭਾਵੇਂ ਅੱਜ ਨਹੀਂ ਵਜਾਇਆ ਗਿਆ ਹੈ, ਪਰ ਇਹ ਭਵਿੱਖ ਵਿੱਚ ਕਿਤੇ ਨਾ ਕਿਤੇ ਜ਼ਰੂਰ ਵਜਾਇਆ ਜਾਵੇਗਾ।”
ਨੀਰਜ ਦੀ ਇਸ ਪ੍ਰਾਪਤੀ ਦਾ ਉਨ੍ਹਾਂ ਦੇ ਘਰ ਪਾਣੀਪਤ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੀ ਮਾਂ ਸਰੋਜ ਦੇਵੀ ਨੇ ਕਿਹਾ ਹੈ ਕਿ ਉਹ ਬਹੁਤ ਖੁਸ਼ ਹਨ। ਸਾਡੇ ਲਈ ਸਿਲਵਰ ਮੈਡਲ ਵੀ ਗੋਲਡ ਮੈਡਲ ਵਾਂਗ ਹੈ। ਉਨ੍ਹਾਂ ਦੇ ਪਿਤਾ ਸਤੀਸ਼ ਕੁਮਾਰ ਨੇ ਕਿਹਾ ਕਿ ਹਰ ਕਿਸੇ ਦਾ ਆਪਣਾ ਦਿਨ ਹੁੰਦਾ ਹੈ। ਅੱਜ ਅਰਸ਼ਦ ਦਾ ਦਿਨ ਸੀ, ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। ਅਸੀਂ ਦੂਜੀ ਵਾਰ ਓਲੰਪਿਕ ਵਿੱਚ ਜੈਵਲਿਨ ਵਿੱਚ ਤਮਗਾ ਜਿੱਤਿਆ ਹੈ, ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ।
ਹਿੰਦੂਸਥਾਨ ਸਮਾਚਾਰ