Patna, Bihar: ਬਿਹਾਰ ‘ਚ ਵੈਸ਼ਾਲੀ ਜ਼ਿਲੇ ਦੇ ਪਹਿਲਜਾ ਘਾਟ ਗੰਗਾ ਨਦੀ ਤੋਂ ਜਲ ਲਿਆ ਰਹੇ 9 ਕਾਂਵੜੀਆਂ ਦੀ ਕਰੰਟ ਦੇ ਸੰਪਰਕ ‘ਚ ਆਉਣ ਕਾਰਨ ਮੌਤ ਹੋ ਗਈ। ਇਹ ਘਟਨਾ ਐਤਵਾਰ ਦੇਰ ਸ਼ਾਮ ਇੰਡਸਟ੍ਰੀਅਲ ਥਾਣਾ ਖੇਤਰ ਦੇ ਪਿੰਡ ਸੁਲਤਾਨਪੁਰ ’ਚ (ਨਾਈਪਰ ਦੇ ਸਾਹਮਣੇ) ਦੀ ਹੈ, ਜਿੱਥੇ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ 8 ਕਾਂਵੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਪੰਜ ਲੋਕ ਗੰਭੀਰ ਰੂਪ ਨਾਲ ਝੁਲਸ ਗਏ ਹਨ।
ਪੁਲਿਸ ਮੁਤਾਬਕ ਕਾਂਵੜੀਆਂ ਦਾ ਜੱਥਾ ਪਹਿਲਜਾ ਘਾਟ ਤੋਂ ਗੰਗਾ ਜਲ ਭਰਨ ਅਤੇ ਬਾਬਾ ਹਰਿਹਰਨਾਥ ਦਾ ਜਲਾਭਿਸ਼ੇਕ ਕਰਨ ਲਈ ਨਿਕਲਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਕਾਂਵਰੀਆਂ ਦਾ ਸਮੂਹ ਪਿੰਡ ਤੋਂ ਕਰੀਬ 500 ਮੀਟਰ ਦੂਰ ਚਲਾ ਗਿਆ ਸੀ। ਇਕ ਟਰਾਲੀ ‘ਤੇ ਡੀਜੇ ਅਤੇ ਸਾਊਂਡ ਸਿਸਟਮ ਲਗਾਇਆ ਹੋਇਆ ਸੀ, ਜੋ 11 ਹਜ਼ਾਰ ਵੋਲਟ ਦੀ ਤਾਰ ਦੇ ਸੰਪਰਕ ‘ਚ ਆ ਗਿਆ। ਇਸ ਕਾਰਨ ਸਾਰੀ ਟਰਾਲੀ ਵਿੱਚ 11 ਹਜ਼ਾਰ ਵੋਲਟ ਦਾ ਕਰੰਟ ਫੈਲ ਗਿਆ ਅਤੇ ਕਾਂਵਰੀਆਂ ਨੂੰ ਲਪੇਟ ਲੈ ਲਿਆ। ਬਿਜਲੀ ਦਾ ਝਟਕਾ ਲੱਗਣ ਕਾਰਨ ਅੱਠ ਕਾਂਵੜੀਆਂ ਦੀ ਮੌਤ ਹੋ ਗਈ ਜਦਕਿ ਪੰਜ ਝੁਲਸਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਇਸ ਮਾਮਲੇ ਵਿੱਚ ਹਾਜੀਪੁਰ ਦੇ ਐਸਡੀਪੀਓ ਓਮ ਪ੍ਰਕਾਸ਼ ਨੇ ਦੱਸਿਆ ਕਿ ਟਰਾਲੀ ਵਿੱਚ ਲਿਜਾਂਦੇ ਸਮੇਂ ਡੀਜੇ 11 ਹਜ਼ਾਰ ਵੋਲਟ ਦੀ ਤਾਰਾਂ ਨਾਲ ਲੱਗ ਗਿਆ, ਜਿਸ ਕਾਰਨ ਟਰਾਲੀ ਵਿੱਚ ਕਰੰਟ ਫੈਲ ਗਿਆ ਅਤੇ ਅੱਠ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ‘ਚੋਂ ਪੰਜ ਤੋਂ ਵੱਧ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਰ ਸਾਲ ਕਾਂਵੜੀਆਂ ਦਾ ਇੱਕ ਜੱਥਾ ਪਹਿਲਜਾ ਘਾਟ ਤੋਂ ਜਲ ਭਰ ਕੇ ਬਾਬਾ ਹਰਿਹਰਨਾਥ ਦੇ ਜਲਾਭਿਸ਼ੇਕ ਲਈ ਜਾਂਦਾ ਹੈ।
ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨਾ ਕਹਿਣਾ ਹੈ ਕਿ ਜਿਵੇਂ ਹੀ ਡੀਜੇ ਤਾਰ ਨਾਲ ਜੁੜਿਆ ਅਤੇ ਕਰੰਟ ਫੈਲਿਆ ਤਾਂ ਬਿਜਲੀ ਵਿਭਾਗ ਨੂੰ ਫੋਨ ਕੀਤਾ ਗਿਆ, ਪਰ ਫੋਨ ਨਹੀਂ ਚੁੱਕਿਆ ਗਿਆ। ਜੇਕਰ ਸਮੇਂ ਸਿਰ ਫੋਨ ਚੁੱਕੇ ਜਾਂਦੇ ਤਾਂ ਕਰੰਟ ਲੱਗਣ ਵਾਲੇ ਨੌਜਵਾਨ ਨੂੰ ਬਚਾਇਆ ਜਾ ਸਕਦਾ ਸੀ। ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਕੇ ‘ਤੇ ਬੁਲਾਉਣ ਦੀ ਮੰਗ ਕਰਦਿਆਂ ਹੰਗਾਮਾ ਕੀਤਾ ਅਤੇ ਹਾਜੀਪੁਰ-ਜੰਦਾਹਾ ਸੜਕ ‘ਤੇ ਜਾਮ ਲਗਾ ਦਿੱਤਾ। ਮੌਕੇ ‘ਤੇ ਪੰਜ ਥਾਣਿਆਂ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਜੂਦ ਸਨ। ਰਾਤ ਕਰੀਬ ਪੌਣੇ ਦੋ ਵਜੇ ਪਿੰਡ ਵਾਸੀ ਰਾਜ਼ੀ ਹੋਏ, ਫਿਰ ਅੱਠਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਲਿਜਾਇਆ ਗਿਆ। ਕਈ ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ।
ਘਟਨਾ ‘ਚ ਮ੍ਰਿਤਕਾਂ ਦੀ ਪਛਾਣ ਰਵੀ ਕੁਮਾਰ ਪਿਤਾ ਧਰਮਿੰਦਰ ਪਾਸਵਾਨ, ਰਾਜਾ ਕੁਮਾਰ ਪਿਤਾ ਸਵ. ਲਾਲਾ ਦਾਸ, ਨਵੀਨ ਕੁਮਾਰ ਪਿਤਾ ਸਵ. ਫੁਦੇਨਾ ਪਾਸਵਾਨ, ਅਮਰੇਸ਼ ਕੁਮਾਰ ਪਿਤਾ ਸਨੋਜ ਭਗਤ, ਅਸ਼ੋਕ ਕੁਮਾਰ ਪਿਤਾ ਮੰਟੂ ਪਾਸਵਾਨ, ਚੰਦਨ ਕੁਮਾਰ ਪਿਤਾ ਚੰਦੇਸ਼ਵਰ ਪਾਸਵਾਨ, ਕਾਲੂ ਕੁਮਾਰ ਪਿਤਾ ਪਰਮੇਸ਼ਵਰ ਪਾਸਵਾਨ, ਆਸ਼ੀ ਕੁਮਾਰ ਪਿਤਾ ਮਿੰਟੂ ਪਾਸਵਾਨ, ਅਮੋਦ ਕੁਮਾਰ ਪਿਤਾ ਦੇਵੀ ਲਾਲ ਹਨ। ਸਾਰੇ ਮ੍ਰਿਤਕ ਸੁਲਤਾਨਪੁਰ ਅਤੇ ਜਾਦੂਆ ਦੇ ਰਹਿਣ ਵਾਲੇ ਸਨ। ਬਿਜਲੀ ਵਿਭਾਗ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਹਿੰਦੂਸਥਾਨ ਸਮਾਚਾਰ