Paris Olympic 2024: ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਸ਼ਨੀਵਾਰ ਨੂੰ ਰਾਊਂਡ ਆਫ 16 ਦੇ ਮੈਚ ‘ਚ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨੂੰ ਹਰਾ ਕੇ ਪੈਰਿਸ ਓਲੰਪਿਕ ‘ਚ ਵਿਅਕਤੀਗਤ ਮਹਿਲਾ ਤੀਰਅੰਦਾਜ਼ੀ ਮੁਕਾਬਲੇ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ।
ਦੀਪਿਕਾ ਨੇ ਲੇਸ ਇਨਵੈਲਿਡਸ ‘ਚ ਰਾਊਂਡ ਆਫ 16 ਦੇ ਮੈਚ ‘ਚ ਆਪਣੀ ਜਰਮਨ ਪ੍ਰਤੀਯੋਗੀ ਖਿਲਾਫ 6-4 (2-0, 1-1, 2-0, 0-2, 1-1) ਨਾਲ ਜਿੱਤ ਦਰਜ ਕੀਤੀ। ਭਾਰਤੀ ਤੀਰਅੰਦਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ 27-24 ਨਾਲ ਜਿੱਤ ਲਿਆ। ਦੂਜੇ ਸੈੱਟ ਵਿੱਚ ਦੀਪਿਕਾ ਨੇ 10, 8 ਅਤੇ 9 ਦਾ ਸਕੋਰ ਬਣਾਇਆ। ਜਦੋਂ ਕਿ ਉਸਦੀ ਜਰਮਨ ਦੀ ਪ੍ਰਤਿਯੋਗੀ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਲਗਾਤਾਰ ਤਿੰਨ 9 ਸਕੋਰ ਲਗਾਏ। ਦੀਪਿਕਾ ਨੇ ਵਾਪਸੀ ਕਰਦੇ ਹੋਏ ਤੀਜਾ ਸੈੱਟ ਜਿੱਤ ਲਿਆ ਅਤੇ ਮੈਚ ਵਿੱਚ 5-1 ਦੀ ਬੜ੍ਹਤ ਬਣਾ ਲਈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੈਰਿਸ ਓਲੰਪਿਕ ‘ਚ ਮਹਿਲਾ 25 ਮੀਟਰ ਪਿਸਟਲ ਸ਼ੂਟਿੰਗ ਮੁਕਾਬਲੇ ‘ਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਚੌਥੇ ਸਥਾਨ ‘ਤੇ ਰਹੀ।
ਮਨੂ ਗਰਮੀਆਂ ਦੀਆਂ ਖੇਡਾਂ ਵਿੱਚ ਤਿੰਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਦੇ ਨੇੜੇ ਪਹੁੰਚ ਗਈ ਸੀ, ਹਾਲਾਂਕਿ, 22 ਸਾਲਾ ਮਹਿਲਾ 25 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ ਮੌਕਾ ਗੁਆ ਬੈਠੀ।
ਮਨੂ ਦਾ ਸਫ਼ਰ ਉਦੋਂ ਖ਼ਤਮ ਹੋ ਗਿਆ ਜਦੋਂ ਉਸ ਨੂੰ ਹੰਗਰੀ ਦੀ ਸਾਬਕਾ ਵਿਸ਼ਵ ਰਿਕਾਰਡ ਧਾਰਕ ਵੇਰੋਨਿਕਾ ਮੇਜਰ ਦੇ ਖਿਲਾਫ ਸ਼ੂਟ-ਆਫ ਵਿੱਚ ਰੱਖਿਆ ਗਿਆ ਕਿਉਂਕਿ ਉਹ 28 ਅੰਕਾਂ ਨਾਲ ਬਰਾਬਰ ਸੀ।
ਦੱਖਣੀ ਕੋਰੀਆ ਦੇ ਜਿਨ ਯਾਂਗ ਨੇ ਸੋਨ ਤਮਗਾ ਜਿੱਤਿਆ। ਫਰਾਂਸ ਦੀ ਕੈਮਿਲ ਜੇਦਰਜ਼ੇਵਸਕੀ ਨੂੰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਇਸ ਦੌਰਾਨ ਹੰਗਰੀ ਦੀ ਵੇਰੋਨਿਕਾ ਮੇਜਰ ਤੀਜੇ ਸਥਾਨ ’ਤੇ ਰਹੀ।
ਇਸ ਸਮੇਂ ਪੈਰਿਸ ਓਲੰਪਿਕ ਵਿੱਚ ਭਾਰਤੀ ਟੀਮ ਨੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ ਅਤੇ ਇਹ ਸਾਰੇ ਸ਼ੂਟਿੰਗ ਵਿੱਚ ਆਏ ਹਨ।
ਹਿੰਦੂਸਥਾਨ ਸਮਾਚਾਰ