New Delhi: ਰੋਹਿਣੀ ਜ਼ਿਲ੍ਹੇ ਦੇ ਵਿਜੇ ਵਿਹਾਰ ਵਿੱਚ ਸਥਿਤ ਆਸ਼ਾ ਕਿਰਨ ਸ਼ੈਲਟਰ ਹੋਮ ਵਿੱਚ ਪਿਛਲੇ 20 ਦਿਨਾਂ ਵਿੱਚ 13 ਬੱਚਿਆਂ ਦੀ ਸ਼ੱਕੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਦਿੱਲੀ ਸਰਕਾਰ ਨੇ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਇਸ ਸਾਲ 20 ਜੁਲਾਈ ਤੱਕ ਵਿਜੇ ਵਿਹਾਰ ਸਥਿਤ ਆਸ਼ਾ ਕਿਰਨ ਸ਼ੈਲਟਰ ਹੋਮ ‘ਚ 27 ਮਾਨਸਿਕ ਰੋਗੀਆਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਵਿੱਚ 13 ਬੱਚਿਆਂ ਦੀ ਮੌਤ ਦਾ ਪਤਾ ਲੱਗਣ ਤੋਂ ਬਾਅਦ ਐਸਡੀਐਮ ਵਲੋਂ ਰਿਪੋਰਟ ਤਲਬ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਅਣਪਛਾਤੇ ਕਾਰਨਾਂ ਕਰਕੇ ਜ਼ਿਆਦਾਤਰ ਬੱਚਿਆਂ ਦੀ ਸਿਹਤ ਵਿਗੜ ਜਾਣ ‘ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 17 ਜੁਲਾਈ, 19 ਜੁਲਾਈ ਅਤੇ 20 ਜੁਲਾਈ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 13 ਮਰਨ ਵਾਲਿਆਂ ਦੀ ਉਮਰ 12 ਤੋਂ 20 ਸਾਲ ਦਰਮਿਆਨ ਹੈ। ਅਜਿਹੇ ‘ਚ ਸਵਾਲ ਇਹ ਹੈ ਕਿ ਕੀ ਮੌਤ ਦੇ ਅਸਲ ਕਾਰਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਇਕ ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਹੋਵੇੇਗਾ, ਜਿਸਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਸਾਲ 2024 ਵਿੱਚ ਸ਼ੱਕੀ ਹਾਲਾਤਾਂ ਵਿੱਚ 27 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਜਨਵਰੀ ਵਿੱਚ ਤਿੰਨ, ਫਰਵਰੀ ਵਿੱਚ ਦੋ, ਮਾਰਚ ਵਿੱਚ ਤਿੰਨ, ਅਪ੍ਰੈਲ ਵਿੱਚ ਦੋ, ਮਈ ਵਿੱਚ ਇੱਕ, ਜੂਨ ਵਿੱਚ ਤਿੰਨ ਅਤੇ ਜੁਲਾਈ ਵਿੱਚ 13 ਮੌਤਾਂ ਸ਼ਾਮਲ ਹਨ।
ਉੱਤਰ ਪੱਛਮੀ ਰੋਹਿਣੀ ਡਿਵੀਜ਼ਨ ਦੇ ਐਸਡੀਐਮ ਮਨੀਸ਼ ਚੰਦਰ ਵਰਮਾ ਦਾ ਕਹਿਣਾ ਹੈ ਕਿ ਜੁਲਾਈ ਦੇ ਆਖਰੀ ਮਹੀਨੇ ਵਿੱਚ 13 ਮੌਤਾਂ ਹੋਈਆਂ ਹਨ। ਇਹ ਪਿਛਲੇ ਹਫ਼ਤੇ ਹੀ ਸਾਡੇ ਧਿਆਨ ਵਿੱਚ ਆਇਆ ਸੀ। ਫਿਲਹਾਲ ਉਨ੍ਹਾਂ ਦੀ ਡਾਇਰੈਕਟਰ ਪੱਧਰ ‘ਤੇ ਅੰਦਰੂਨੀ ਵਿਭਾਗੀ ਜਾਂਚ ਚੱਲ ਰਹੀ ਹੈ।
ਇਸ ਸਾਲ ਮੌਤਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੋਣ ਦਾ ਜ਼ਿਕਰ ਕਰਦਿਆਂ ਐਸਡੀਐਮ ਨੇ ਕਿਹਾ ਕਿ ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਇਸ ਮਾਮਲੇ ‘ਚ ਦਿੱਲੀ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਆਤਿਸ਼ੀ ਨੇ ਕਿਹਾ ਕਿ ਰਾਜਧਾਨੀ ਦਿੱਲੀ ‘ਚ ਇਹ ਬਹੁਤ ਬੁਰੀ ਅਤੇ ਹੈਰਾਨ ਕਰਨ ਵਾਲੀ ਖਬਰ ਹੈ। ਜੇਕਰ ਇਹ ਗੱਲ ਸੱਚ ਸਾਬਤ ਹੁੰਦੀ ਹੈ ਤਾਂ ਅਸੀਂ ਅਜਿਹੀਆਂ ਕੁਤਾਹੀ ਬਰਦਾਸ਼ਤ ਨਹੀਂ ਕਰਾਂਗੇ। ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਦੂਜੇ ਪਾਸੇ, ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਆਸ਼ਾ ਕਿਰਨ ’ਚ ਹੋਈਆਂ ਮੌਤਾਂ ਬਾਰੇ ਕਿਹਾ, “ਅਸੀਂ ਇੱਕ ਤੱਥ ਖੋਜ ਟੀਮ ਨੂੰ ਮੌਕੇ ‘ਤੇ ਭੇਜ ਰਹੇ ਹਾਂ। ਟੀਮ ਮਾਨਸਿਕ ਰੋਗੀਆਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਸਾਰੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ। ਉਹ ਲੋਕ ਕੌਣ ਹਨ ਜਿਨ੍ਹਾਂ ਨੂੰ ਇਨ੍ਹਾਂ ਸ਼ੈਲਟਰਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ? ਕੀ ਅਜਿਹੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਨਹੀਂ ਰਹਿਣਾ ਚਾਹੀਦਾ? ਅਸੀਂ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਰੈਣ ਬਸੇਰਿਆਂ ਦਾ ਵੀ ਆਡਿਟ ਕਰ ਰਹੇ ਹਾਂ।’’
ਹਿੰਦੂਸਥਾਨ ਸਮਾਚਾਰ