Paris Olympics 2024: ਪੈਰਿਸ ਓਲੰਪਿਕ ‘ਚ ਭਾਰਤੀ ਖਿਡਾਰਨ ਮਨਿਕਾ ਬੱਤਰਾ ਨੇ ਸੋਮਵਾਰ ਰਾਤ ਨੂੰ ਟੇਬਲ ਟੈਨਿਸ ਮਹਿਲਾ ਸਿੰਗਲਜ਼ ਦੇ ਰਾਊਂਡ ਆਫ 32 ਮੈਚ ‘ਚ ਫਰਾਂਸ ਦੀ ਪ੍ਰਿਥਿਕਾ ਪਾਵੜੇ ਨੂੰ ਹਰਾਇਆ। ਟੇਬਲ ਟੈਨਿਸ ਮਹਿਲਾ ਸਿੰਗਲਜ਼ ਰਾਊਂਡ ਆਫ 32 ਦੇ ਮੈਚ ਵਿੱਚ ਮਨਿਕਾ ਬੱਤਰਾ ਨੇ ਆਪਣੀ ਫਰਾਂਸੀਸੀ ਵਿਰੋਧੀ ਖਿਡਾਰਨ ਨੂੰ 4-0 (11-9, 11-6, 11-9, 11-7) ਨਾਲ ਹਰਾਇਆ।
ਬੱਤਰਾ ਨੇ ਦੋ ਅੰਕ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਪਹਿਲੀ ਗੇਮ 11-9 ਨਾਲ ਜਿੱਤੀ। ਭਾਰਤੀ ਖਿਡਾਰੀ ਨੇ ਦੂਜੀ ਗੇਮ ਪੰਜ ਅੰਕਾਂ ਦੇ ਅੰਤਰ ਨਾਲ ਆਸਾਨੀ ਨਾਲ ਜਿੱਤੀ। ਹਾਲਾਂਕਿ ਪਾਵੜੇ ਨੇ ਤੀਜੀ ਗੇਮ ਵਿੱਚ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਬੱਤਰਾ ਨੇ ਗੇਮ 11-9 ਨਾਲ ਆਪਣੇ ਨਾਮ ਕਰ ਲਿਆ।
ਇਸ ਤੋਂ ਪਹਿਲਾਂ ਰਾਊਂਡ ਆਫ 64 ਦੇ ਮੈਚ ‘ਚ ਮਨਿਕਾ ਬੱਤਰਾ ਨੇ ਗ੍ਰੇਟ ਬ੍ਰਿਟੇਨ ਦੀ ਅੰਨਾ ਹਰਸੀ ਨੂੰ ਹਰਾਇਆ ਸੀ। 29 ਸਾਲਾ ਬੱਤਰਾ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 11-8, 12-10, 11-9, 9-11, 11-5 ਦੇ ਸਕੋਰ ਨਾਲ ਮੈਚ ਜਿੱਤ ਕੇ ਰਾਊਂਡ ਆਫ 32 ਵਿੱਚ ਆਪਣੀ ਥਾਂ ਪੱਕੀ ਕੀਤੀ ਸੀ।
ਹਿੰਦੂਸਥਾਨ ਸਮਾਚਾਰ