Gurdaspur News: ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੀ ਵਿਸ਼ੇਸ਼ ਇਕੱਤਰਤਾ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਗੁਰਦਾਸਪੁਰ ਵਿਖੇ ਸਾਹਿਤ ਕੇਂਦਰ ਦੇ ਪ੍ਰਧਾਨ ਡਾ. ਲੇਖ ਰਾਜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਸਾਹਿਤ ਕੇਂਦਰ ਵਲੋਂ ਸਾਹਿਤਕ ਸਰਗਰਮੀਆਂ ਪ੍ਰਤੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਰਵਸੰਮਤੀ ਨਾਲ ਇਸ ਵਾਰ ਦਾ ਸਲਾਨਾ ਕਵੀ ਦਰਬਾਰ ਡਾ.ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਕਰਨ ਅਤੇ ਇਸ ਦੇ ਨਾਲ ਹੀ ਜ਼ਿਲ੍ਹਾ ਸਾਹਿਤ ਕੇਂਦਰ ਦੇ ਸਾਬਕਾ ਪ੍ਰਧਾਨ ਮਰਹੂਮ ਪ੍ਰੋ.ਕਿਰਪਾਲ ਸਿੰਘ ਯੋਗੀ ਜੀ ਦੀ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਨੂੰ ਦੇਣ ਨੂੰ ਵੀ ਯਾਦ ਕਰਨ ਦਾ ਫੈਸਲਾ ਲਿਆ ਗਿਆ ਅਤੇ ਇਹ ਸਾਹਿਤਕ ਪ੍ਰੋਗਰਾਮ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਗੁਰਦਾਸਪੁਰ ਵਿਖੇ 18 ਅਗਸਤ ਦਿਨ ਐਤਵਾਰ ਨੂੰ ਹੋਵੇਗਾ।
ਵਿਚਾਰ ਚਰਚਾ ਵਿੱਚ ਸਰਵਸ੍ਰੀ ਮੱਖਣ ਕੁਹਾਡ਼, ਡਾ ਲੇਖ ਰਾਜ,ਸੀਤਲ ਸਿੰਘ ਗੁੰਨੋਪੁਰੀ, ਡਾ ਰਜਵਿੰਦਰ ਕੌਰ ਨਾਗਰਾ, ਮੰਗਤ ਚੰਚਲ, ਗੁਰਮੀਤ ਬਾਜਵਾ, ਗੁਰਪ੍ਰੀਤ ਰੰਗੀਲਪੁਰ, ਬੂਟਾ ਰਾਮ ਆਜਾਦ, ਸੁੱਚਾ ਸਿੰਘ ਪਸਨਾਵਾਲਾ, ਨਿਸ਼ਾਨ ਸਿੰਘ ਜੌਡ਼ਾ ਸਿੰਘਾ, ਸੋਹਣ ਸਿੰਘ ਅਤੇ ਕਪੂਰ ਸਿੰਘ ਘੁੰਮਣ ਨੇ ਭਾਗ ਲਿਆ। ਅਖੀਰ ਵਿੱਚ ਪ੍ਰਧਾਨ ਡਾ.ਲੇਖ ਰਾਜ ਵੱਲੋਂ ਜ਼ਿਲ੍ਹਾ ਸਾਹਿਤ ਕੇਂਦਰ ਦੇ ਮੈਂਬਰਾਂ ਨੂੰ ਸਾਹਿਤ ਦੀ ਸੇਵਾ ਤਨਦੇਹੀ ਨਾਲ ਕਰਨ ਅਤੇ ਮਿਆਰੀ ਸਾਹਿਤ ਲਿਖਣ ਹਿੱਤ ਪ੍ਰੇਰਿਤ ਕੀਤਾ ਅਤੇ ਹਾਜਰ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ