Washington D.C.: ਅਮਰੀਕੀ ਰਿਪਬਲਿਕਨ ਪਾਰਟੀ ਦੇ ਸੀਨੀਅਰ ਨੇਤਾ, ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ 13 ਜੁਲਾਈ ਨੂੰ ਹੋਏ ਜਾਨਲੇਵਾ ਹਮਲੇ ਦੀ ਉੱਚ ਪੱਧਰੀ ਜਾਂਚ ਦੇ ਵਿਚਕਾਰ ਅਮਰੀਕੀ ਸੀਕ੍ਰੇਟ ਸਰਵਿਸ ਦੀ ਡਾਇਰੈਕਟਰ ਕਿੰਬਰਲੀ ਚੀਟਲ ਨੇ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫਿਲਹਾਲ ਕ੍ਰੇਟ ਸਰਵਿਸ ਦੀ ਕਮਾਨ ਰੋਨਾਲਡ ਰੋਵੇ ਦੇ ਹੱਥਾਂ ‘ਚ ਹੋਵੇਗੀ।
ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਿਡੇਨ ਨੇ ਬਿਆਨ ‘ਚ ਕਿਹਾ ਕਿ 13 ਜੁਲਾਈ ਨੂੰ ਜੋ ਹੋਇਆ, ਉਹ ਦੁਬਾਰਾ ਨਹੀਂ ਹੋਣਾ ਚਾਹੀਦਾ। ਇਸ ਦੌਰਾਨ, ਹੋਮਲੈਂਡ ਸਕਿਓਰਿਟੀ ਸੈਕਟਰੀ ਅਲੇਜੈਂਡਰੋ ਮਯੋਰਕਾਸ ਨੇ ਕਿਹਾ ਕਿ ਸੀਕ੍ਰੇਟ ਸਰਵਿਸ ਦੇ ਡਿਪਟੀ ਡਾਇਰੈਕਟਰ ਰੋਨਾਲਡ ਰੋਵੇ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕਰਨਗੇ। ਉਨ੍ਹਾਂ ਕੋਲ ਏਜੰਸੀ ਵਿੱਚ ਕੰਮ ਕਰਨ ਦਾ 24 ਸਾਲ ਦਾ ਤਜਰਬਾ ਹੈ।
ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਸੀਕ੍ਰੇਟ ਸਰਵਿਸ ਡਾਇਰੈਕਟਰ ਕਿੰਬਰਲੀ ਚੀਟਲ ਨੇ ਅਸਤੀਫਾ ਦੇ ਦਿੱਤਾ ਹੈ। ਇਸ ‘ਤੇ ਰਾਸ਼ਟਰਪਤੀ ਬਿਡੇਨ ਨੇ ਕਿੰਬਰਲੀ ਦੀ ਦਹਾਕਿਆਂ ਦੀ ਜਨਤਕ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿੰਬਰਲੀ ਚੀਟਲ ਨੇ ਦੇਸ਼ ਦੀ ਰੱਖਿਆ ਲਈ ਆਪਣੇ ਨਿਰਸਵਾਰਥ ਸਮਰਪਣ ਵਿੱਚ ਕਈ ਵਾਰ ਆਪਣੀ ਜਾਨ ਨੂੰ ਜੋਖਮ ਵਿੱਚ ਪਾਇਆ।
ਜ਼ਿਕਰਯੋਗ ਹੈ ਕਿ ਚੀਟਲ ਸੋਮਵਾਰ ਨੂੰ ਪ੍ਰਤੀਨਿਧ ਸਦਨ ਦੇ ਸਾਹਮਣੇ ਪੇਸ਼ ਹੋਈ। ਇਸ ਦੌਰਾਨ ਉਨ੍ਹਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਸੰਸਦ ਮੈਂਬਰਾਂ ਦੇ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਇਸ ‘ਤੇ ਕਈ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਇਸ ਤੋਂ ਬਾਅਦ ਅਟਕਲਾਂ ਤੇਜ਼ ਹੋ ਗਈਆਂ ਸਨ ਕਿ ਉਹ ਆਪਣਾ ਅਹੁਦਾ ਛੱਡ ਦੇਵੇਗੀ।
ਹਿੰਦੂਸਥਾਨ ਸਮਾਚਾਰ