Ambala, Haryana: ਹਰਿਆਣਾ ਦੇ ਅੰਬਾਲਾ ਵਿੱਚ ਇੱਕ ਸੇਵਾ-ਮੁਕਤ ਫੌਜੀ ਨੇ ਆਪਣੇ ਹੀ ਭਰਾ ਦੇ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਨਰਾਇਣਗੜ੍ਹ ਇਲਾਕੇ ‘ਚ ਉਸ ਨੇ ਮਾਂ ਅਤੇ ਭਰਾ ਸਮੇਤ 5 ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਰਨ ਵਾਲਿਆਂ ‘ਚ ਭਰਾ ਦੀ ਮਾਸੂਮ ਬੇਟੀ ਅਤੇ 6 ਮਹੀਨੇ ਦਾ ਬੇਟਾ ਵੀ ਸ਼ਾਮਲ ਹੈ। ਮਰਨ ਵਾਲਿਆਂ ਵਿਚ ਦੋਸ਼ੀ ਦੀ ਮਾਂ, ਉਸ ਦਾ ਭਰਾ, ਉਸ ਦੇ ਭਰਾ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਹਰੀਸ਼ ਕੁਮਾਰ (35), ਉਸ ਦੀ ਪਤਨੀ ਸੋਨੀਆ (32), ਮਾਂ ਸਰੋਪੀ ਦੇਵੀ (65), ਹਰੀਸ਼ ਦੀ ਬੇਟੀ ਯਸ਼ਿਕਾ (5) ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ।ਮੁਲਜ਼ਮ ਨੇ ਰਾਤ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ਸਾਰਿਆਂ ਦਾ ਕਤਲ ਕਰ ਦਿੱਤਾ। ਇਸ ਦੌਰਾਨ ਜਦੋਂ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਪਿਤਾ ਦੀ ਵੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਮੁਲਜ਼ਮ ਭਰਾ ਦੀ ਇੱਕ ਲੜਕੀ ਨੂੰ ਗੰਭੀਰ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਸੇਵਾਮੁਕਤ ਫੌਜੀ ਭੂਸ਼ਣ ਕੁਮਾਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਤ ਸਮੇਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਘਟਨਾ ਦਾ ਕਾਰਨ ਦੋਵਾਂ ਭਰਾਵਾਂ ਵਿਚਾਲੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਅੰਬਾਲਾ ਦੇ ਐਸਪੀ ਸੁਰਿੰਦਰ ਕੁਮਾਰ ਨੇ ਰਾਤ ਕਰੀਬ 3 ਵਜੇ ਘਟਨਾ ਸਥਾਨ ਦਾ ਦੌਰਾ ਕੀਤਾ। ਉਹ ਅੱਧ ਸੜੀਆਂ ਹੋਈਆਂ ਲਾਸ਼ ਨੂੰ ਅੰਬਾਲਾ ਕੈਂਟ ਹਸਪਤਾਲ ਲੈ ਗਏ। ਮੁਲਜ਼ਮ ਦੇ ਜ਼ਖ਼ਮੀ ਪਿਤਾ ਓਮ ਪ੍ਰਕਾਸ਼ ਦਾ ਨਰਾਇਣਗੜ੍ਹ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ ਮ੍ਰਿਤਕ ਦੀ ਧੀ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਹੁਣ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ