Sangrur, Punjab: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਭਵਾਨੀਗੜ੍ਹ ਕਸਬੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵਾਂ ਦੀਆਂ ਲਾਸ਼ਾਂ ਘਰ ਦੇ ਇੱਕ ਕਮਰੇ ਵਿੱਚੋਂ ਮਿਲੀਆਂ। ਪੁਲਸ ਨੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਦੇ ਰਾਮਪੁਰਾ ਰੋਡ ’ਤੇ ਸਥਿਤ ਇਕ ਘਰ ’ਚੋਂ ਦੋ ਨੌਜਵਾਨਾਂ ਰਣਜੀਤ ਸਿੰਘ (27) ਅਤੇ ਬੱਨੀ ਸਿੰਘ (25) ਦੀਆਂ ਲਾਸ਼ਾਂ ਭੇਤਭਰੀ ਹਾਲਤ ’ਚ ਪਈਆਂ ਮਿਲੀਆਂ, ਜਿਨ੍ਹਾਂ ’ਚੋਂ ਇੱਕ ਦੇ ਹੱਥ ’ਚ ਸਰਿੰਜ ਫੜੀ ਹੋਈ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਜਿਸ ਥਾਂ ਤੋਂ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉਹ ਮ੍ਰਿਤਕ ਬੱਨੀ ਦੇ ਰਿਸ਼ਤੇਦਾਰ ਦਾ ਘਰ ਹੈ। ਬੰਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਘਰ ਉਨ੍ਹਾਂ ਦੇ ਰਿਸ਼ਤੇਦਾਰ ਰਣਜੀਤ ਸਿੰਘ ਦਾ ਹੈ ਅਤੇ ਉਹ ਇੱਥੇ ਇਕੱਲਾ ਰਹਿੰਦਾ ਸੀ। ਰਣਜੀਤ ਸਿੰਘ ਦੇ ਮਾਤਾ-ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਸ ਦਾ ਪੁੱਤਰ ਬੱਨੀ ਇੱਥੇ ਆ ਕੇ ਰਾਤ ਨੂੰ ਉਸ ਕੋਲ ਸੌਂਦਾ ਸੀ ਅਤੇ ਸਵੇਰੇ ਘਰ ਵਾਪਸ ਆ ਜਾਂਦਾ ਸੀ।
ਸਵੇਰੇ ਜਦੋਂ ਉਨ੍ਹਾਂ ਦਾ ਲੜਕਾ ਬੰਨੀ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਫ਼ੋਨ ਕੀਤਾ ਤਾਂ ਫ਼ੋਨ ਵੀ ਬੰਦ ਸੀ। ਜਦੋਂ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਦੇ ਹੋਏ ਰਣਜੀਤ ਸਿੰਘ ਦੇ ਘਰ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਬੰਦ ਸਨ। ਜਦੋਂ ਉਨ੍ਹਾਂ ਨੇ ਇਕ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਦੀਆਂ ਲਾਸ਼ਾਂ ਕਮਰੇ ਦੇ ਅੰਦਰ ਬੈੱਡ ‘ਤੇ ਪਈਆਂ ਮਿਲੀਆਂ। ਉਸ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ