Dubai News: ਓਮਾਨ ਦੀ ਬੰਦਰਗਾਹ ‘ਤੇ ਤੇਲ ਟੈਂਕਰ (ਜਹਾਜ) ਪਲਟਣ ਤੋਂ ਬਾਅਦ 13 ਭਾਰਤੀਆਂ ਸਮੇਤ 16 ਲੋਕਾਂ ਦਾ ਪੂਰਾ ਅਮਲਾ ਲਾਪਤਾ ਹੈ। ਅਜੇ ਤੱਕ ਕਿਸੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਲਾਪਤਾ ਲੋਕਾਂ ਵਿੱਚ ਤਿੰਨ ਚਾਲਕ ਦਲ ਦੇ ਮੈਂਬਰ ਸ਼੍ਰੀਲੰਕਾਈ ਹਨ।
ਸਮੁੰਦਰੀ ਸੁਰੱਖਿਆ ਕੇਂਦਰ (ਐੱਮ.ਐੱਸ.ਸੀ.) ਨੇ ਇਹ ਜਾਣਕਾਰੀ ਐਕਸ ’ਤੇ ਸਾਂਝੀ ਕੀਤੀ ਹੈ। ਕੇਂਦਰ ਦੇ ਅਨੁਸਾਰ, ਇੱਕ ਕੋਮੋਰੋਸ-ਝੰਡੇ ਵਾਲਾ ਤੇਲ ਟੈਂਕਰ ਬੰਦਰਗਾਹ ਸ਼ਹਿਰ ਦੁਕਮ ਨੇੜੇ ਰਸ ਮਦਰਕਾ ਤੋਂ 25 ਨੌਟੀਕਲ ਮੀਲ ਦੱਖਣ-ਪੂਰਬ ਵਿੱਚ ਪਲਟ ਗਿਆ।
ਇਹ ਬੰਦਰਗਾਹ ਓਮਾਨ ਦੇ ਦੱਖਣ-ਪੱਛਮੀ ਤੱਟ ‘ਤੇ ਹੈ। ਇਹ ਸਲਤਨਤ ਦੇ ਪ੍ਰਮੁੱਖ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਦੇ ਨੇੜੇ ਹੈ। ਇਨ੍ਹਾਂ ਵਿੱਚ ਇੱਕ ਪ੍ਰਮੁੱਖ ਤੇਲ ਰਿਫਾਈਨਰੀ ਵੀ ਹੈ। ਇਹ ਦੁਕਮ ਦੇ ਵਿਸ਼ਾਲ ਉਦਯੋਗਿਕ ਖੇਤਰ ਦਾ ਹਿੱਸਾ ਹੈ। ਇਹ ਓਮਾਨ ਦਾ ਸਭ ਤੋਂ ਵੱਡਾ ਸਿੰਗਲ ਆਰਥਿਕ ਪ੍ਰੋਜੈਕਟ ਹੈ। ਲਾਪਤਾ ਜਹਾਜ਼ ਦੀ ਪਛਾਣ ਪ੍ਰੇਸਟੀਜ ਫਾਲਕਨ ਵਜੋਂ ਹੋਈ ਹੈ। ਕੇਂਦਰ ਨੇ ਕਿਹਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਸ਼ਿਪਿੰਗ ਡੇਟਾ ਤੋਂ ਪਤਾ ਚੱਲਿਆ ਹੈ 2007 ਵਿੱਚ ਬਣਿਆ ਇਹ ਜਹਾਜ਼ 117 ਮੀਟਰ ਲੰਬਾ ਤੇਲ ਉਤਪਾਦ ਟੈਂਕਰ ਹੈ।
ਹਿੰਦੂਸਥਾਨ ਸਮਾਚਾਰ