Patna, Bihar News: ਵਿਕਾਸਸ਼ੀਲ ਇੰਸਾਨ ਪਾਰਟੀ (ਵੀਆਈਪੀ) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ ਦੇ ਕਤਲ ਤੋਂ ਲੋਕ ਹੈਰਾਨ ਹਨ। ਸੋਮਵਾਰ ਦੇਰ ਰਾਤ ਉਨ੍ਹਾਂ ਦੇ ਘਰ ‘ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਘਰ ਦਾ ਸਾਮਾਨ ਇਧਰ-ਉਧਰ ਖਿੱਲਰਿਆ ਪਿਆ ਹੈ। ਪੁਲਿਸ ਨੇ ਜੀਤਨ ਸਾਹਨੀ ਦੀ ਕੱਟੀ ਹੋਈ ਲਾਸ਼ ਬਰਾਮਦ ਕਰ ਲਈ ਹੈ। ਦਰਭੰਗਾ ਦੇ ਐਸਐਸਪੀ ਜਗੁਨਾਥ ਰੈੱਡੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਬਿਹਾਰ ਦੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਆਪਣੇ ਪਿਤਾ ਦੇ ਕਤਲ ਦੀ ਖਬਰ ਮਿਲਦੇ ਹੀ ਮੁੰਬਈ ਤੋਂ ਘਰ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦਾ ਪਿਤਾ ਜੀਤਨ ਘਰ ਵਿਚ ਇਕੱਲੇ ਰਹਿੰਦੇ ਸੀ। ਮੁਕੇਸ਼ ਸਾਹਨੀ ਦੀ ਮਾਂ ਦਾ ਕਰੀਬ ਅੱਠ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਜੀਤਨ ਸਾਹਨੀ ਦਾ ਘਰ ਦਰਭੰਗਾ ਦੇ ਸੁਪੌਲ ਬਾਜ਼ਾਰ ਦੀ ਅਫਜ਼ਲਾ ਪੰਚਾਇਤ ‘ਚ ਹੈ। ਮੁਕੇਸ਼ ਸਾਹਨੀ ਵਿਕਾਸਸ਼ੀਲ ਇੰਸਾਨ ਪਾਰਟੀ ਦੇ ਮਹਾਗਠਜੋੜ ਦਾ ਹਿੱਸਾ ਹਨ। ਮੁਕੇਸ਼ ਨੂੰ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦਾ ਕਰੀਬੀ ਮੰਨਿਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ