New Delhi News: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਅਤੇ ਵਰਕਰਾਂ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਬਿਜਲੀ ਦਰਾਂ ‘ਚ ਵਾਧੇ ਦੇ ਖਿਲਾਫ ਬਿਜਲੀ ਵੰਡ ਕੰਪਨੀਆਂ ਦੇ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਨੇ ਪਾਵਰ ਪਰਚੇਜ਼ ਐਡਜਸਟਮੈਂਟ ਕਾਸਟ (ਪੀ.ਪੀ.ਏ.ਸੀ.) ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਸਰਕਾਰ ਪੀਪੀਏਸੀ ਦੇ ਨਾਮ ‘ਤੇ ਦਿੱਲੀ ਦੇ ਲੋਕਾਂ ਨੂੰ ਲੁੱਟ ਰਹੀ ਹੈ। ਪੀਪੀਏਸੀ ਗੈਰ-ਕਾਨੂੰਨੀ ਹੈ ਅਤੇ ਇਸਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦਿੱਲੀ ਸਰਕਾਰ ਵਧੇ ਹੋਏ ਰੇਟ ਵਾਪਸ ਨਹੀਂ ਲੈਂਦੀ ਉਦੋਂ ਤੱਕ ਭਾਜਪਾ ਵਰਕਰ ਦਿੱਲੀ ਦੇ ਲੋਕਾਂ ਦੇ ਹਿੱਤ ਵਿੱਚ ਪ੍ਰਦਰਸ਼ਨ ਜਾਰੀ ਰੱਖਣਗੇ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕੜਕੜਡੂਮਾ ਵਿਖੇ ਬਿਜਲੀ ਕੰਪਨੀ ਦੇ ਬਾਹਰ ਧਰਨਾ ਦਿੱਤਾ।
ਐਮਪੀ ਮਨੋਜ ਤਿਵਾੜੀ ਨੇ ਐਨਡੀਪੀਐਲ ਦਫ਼ਤਰ, ਹਡਸਨ ਲੇਨ ਵਿੱਚ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ ਨੇ ਬਸੰਤ ਕੁੰਜ ਸਥਿਤ ਬੀਐੱਸਈਐੱਸ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਸਾਂਸਦ ਪ੍ਰਵੀਨ ਖੰਡੇਲਵਾਲ ਨੇ ਟਾਊਨ ਹਾਲ ਚੌਕ ਚਾਂਦਨੀ ਚੌਕ ਵਿਖੇ ਧਰਨਾ ਦਿੱਤਾ। ਸੰਸਦ ਮੈਂਬਰ ਕਮਲਜੀਤ ਸਹਿਰਾਵਤ ਨੇ ਨਜਫਗੜ੍ਹ ਵਿਖੇ 220 ਕੇਵੀ ਗਰਿੱਡ ਸਬ-ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰ ਬੰਸੁਰੀ ਸਵਰਾਜ ਨੇ 33 ਕੇਵੀ ਸ਼ੰਕਰ ਰੋਡ ਬਾਹਰ ਰੋਸ ਪ੍ਰਦਰਸ਼ਨ ਕੀਤਾ। ਰਮੇਸ਼ ਵਿਧੂੜੀ ਨੇ ਸਫਦਰਜੰਗ ਸਥਿਤ ਬਿਜਲੀ ਦਫਤਰ ਅੱਗੇ ਧਰਨਾ ਦਿੱਤਾ।
ਜ਼ਿਕਰਯੋਗ ਹੈ ਕਿ ਜੂਨ ਵਿੱਚ, ਬਿਜਲੀ ਵੰਡ ਕੰਪਨੀਆਂ (ਡਿਸਕਾਮ) ਨੂੰ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਖਰੀਦ ਐਡਜਸਟਮੈਂਟ ਲਾਗਤ (ਪੀਪੀਏਸੀ) ਵਿੱਚ ਦੋ-ਛੇ ਫੀਸਦੀ ਵਾਧਾ ਕਰਨ ਦੀ ਇਜਾਜ਼ਤ ਦਿੱਤੀ ਸੀ। ਇਹ ਖਪਤਕਾਰਾਂ ਦੇ ਬਿੱਲਾਂ ਵਿੱਚ ਜੋੜਿਆ ਜਾਵੇਗਾ। ਪੀਪੀਏਸੀ ਇੱਕ ਸਰਚਾਰਜ ਹੈ ਜੋ ਡਿਸਕਾਮ ਵੱਲੋਂ ਬਿਜਲੀ ਖਰੀਦ ਲਾਗਤ ਵਿੱਚ ਉਤਰਾਅ-ਚੜ੍ਹਾਅ ਦੀ ਭਰਪਾਈ ਲਈ ਲਗਾਇਆ ਜਾਂਦਾ ਹੈ। ਇਸ ਸਾਲ ਇਹ 6.15 ਫੀਸਦੀ ਵਧ ਕੇ 8.75 ਫੀਸਦੀ ਹੋ ਗਿਆ ਹੈ।
ਹਿੰਦੂਸਥਾਨ ਸਮਾਚਾਰ