Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਅੱਜ ਬਾਅਦ ਦੁਪਹਿਰ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ। ਮੀਟਿੰਗ ‘ਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਦਿੱਤੇ ਮਾਫ਼ੀਨਾਮੇ ‘ਤੇ ਵਿਚਾਰ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਮਾਫ਼ੀਨਾਮੇ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬ ਘਰ ‘ਚ ਖਾਲਿਸਤਾਨ ਸਮਰਥਕਾਂ ਦੀਆਂ ਤਸਵੀਰਾਂ ਲਾਉਣ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਦੋ ਦਿਨ ਪਹਿਲਾਂ ਪਾਕਿਸਤਾਨ ‘ਚ ਮਾਰੇ ਗਏ ਖਾਲਿਸਤਾਨੀ ਅੱਤਵਾਦੀ ਤੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ‘ਚ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਬਣੇ ਅਜਾਇਬ ਘਰ ‘ਚ ਖਾਲਿਸਤਾਨੀ ਸਮਰਥਕਾਂ ਦੀਆਂ ਤਸਵੀਰਾਂ ਲਾਉਣ ਦੀ ਗੱਲ ਕਹੀ ਸੀ।
ਮੀਟਿੰਗ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਣੇ ਡੰਮੀ ਸੈੱਟ ‘ਤੇ ਮੁਹਾਲੀ ‘ਚ ਟੀਵੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਦੌਰਾਨ ਕੀਤੇ ਗਏ ਨਕਲੀ ਆਨੰਦ ਕਾਰਜ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਯੋਗਾ ਗਰਲ ਅਰਚਨਾ ਮਕਵਾਨਾ ਵਿਰੁੱਧ ਵੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਸ੍ਰੀ ਹਰਿਮੰਦਰ ਸਾਹਿਬ ‘ਚ ਯੋਗ ਆਸਣ ਕਰਨ ‘ਤੇ ਮਰਿਆਦਾ ਦੀ ਉਲੰਘਣਾ ਕਰ ਕੇ ਪਰਿਕਰਮਾ ‘ਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ‘ਤੇ ਪਾਬੰਦੀ ਦਾ ਫਰਮਾਨ ਜਾਰੀ ਹੋ ਸਕਦਾ ਹੈ।