Trinamool Leader Shot Dead:ਉੱਤਰੀ ਦਿਨਾਜਪੁਰ ਜ਼ਿਲ੍ਹੇ’ਚ ਸ਼ਨੀਵਾਰ ਰਾਤ ਅਣਪਛਾਤੇ ਅਪਰਾਧੀਆਂ ਨੇ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਦਕਿ ਇਕ ਹੋਰ ਤ੍ਰਿਣਮੂਲ ਨੇਤਾ ਇਸ ਘਟਨਾ ‘ਚ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦਾ ਨਾਮ ਬਾਪੀ ਰਾਏ (36) ਸੀ। ਉਹ ਰਾਮਗੰਜ ਨੰਬਰ ਦੋ ਪੰਚਾਇਤ ਕਮੇਟੀ ਦੇ ਮੈਂਬਰ ਅਤੇ ਤ੍ਰਿਣਮੂਲ ਨੇਤਾ ਲੱਪੀ ਰਾਏ ਦੇ ਪਤੀ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਨੂੰ ਸਥਾਨਕ ਪੰਚਾਇਤ ਦੇ ਕੁਝ ਤ੍ਰਿਣਮੂਲ ਆਗੂ ਹੋਟਲ ਵਿੱਚ ਮਿਲਕੇ ਗੱਲਬਾਤ ਕਰ ਰਹੇ ਸਨ। ਫਿਰ ਅਚਾਨਕ ਬਦਮਾਸ਼ਾਂ ਦੇ ਇੱਕ ਸਮੂਹ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ‘ਚ ਤ੍ਰਿਣਮੂਲ ਦੇ ਦੋ ਨੇਤਾਵਾਂ ਨੂੰ ਗੋਲੀ ਲੱਗੀ। ਦੋਵਾਂ ਨੂੰ ਇਸਲਾਮਪੁਰ ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜ਼ਖ਼ਮੀਆਂ ਵਿੱਚੋਂ ਬਾਪੀ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀ ਲੱਗਣ ਨਾਲ ਮੁਹੰਮਦ ਸੱਜਾਤ ਗੰਭੀਰ ਜ਼ਖ਼ਮੀ ਹੋ ਗਿਆ। ਉਹ ਰਾਮਗੰਜ ਪੰਚਾਇਤ ਮੁਖੀ ਰਾਜਨੂਰ ਖਾਤੂਨ ਦੇ ਪਤੀ ਹਨ।
ਇਸ ਘਟਨਾ ‘ਤੇ ਇਸਲਾਮਪੁਰ ਦੇ ਵਧੀਕ ਪੁਲਿਸ ਸੁਪਰਡੈਂਟ ਡੇਂਡੁਪ ਸ਼ੇਰਪਾ ਨੇ ਦੱਸਿਆ ਕਿ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਦੂਜਾ ਜ਼ਖਮੀ ਹੈ। ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਸੂਤਰਾਂ ਮੁਤਾਬਕ ਸ਼ਨੀਵਾਰ ਰਾਤ ਕਰੀਬ 8.30 ਵਜੇ ਸ਼੍ਰੀ ਕ੍ਰਿਸ਼ਨਪੁਰ ਦੇ ਮਦਾਰੀਪੁਰ ਇਲਾਕੇ ‘ਚ 10 ਬਦਮਾਸ਼ ਇਕ ਕਾਰ ‘ਚ ਆਏ ਅਤੇ ਗੁਪਤਾ ਹੋਟਲ ‘ਚ ਬੈਠੇ ਬਾਪੀ ਰਾਏ ਦੀ ਗਰਦਨ ਅਤੇ ਛਾਤੀ ‘ਚ ਨੇੜਿਓਂ ਗੋਲੀ ਮਾਰ ਦਿੱਤੀ। ਦੂਜੇ ਵਿਅਕਤੀ ਨੂੰ ਭੱਜਦੇ ਸਮੇਂ ਪਿੱਠ ਵਿੱਚ ਗੋਲੀ ਮਾਰ ਦਿੱਤੀ ਗਈ।
ਇਸ ਸਬੰਧੀ ਤ੍ਰਿਣਮੂਲ ਦੇ ਜ਼ਿਲ੍ਹਾ ਪ੍ਰਧਾਨ ਕਨ੍ਹਾਈਲਾਲ ਅਗਰਵਾਲ ਨੇ ਕਿਹਾ ਕਿ ਮੈਂ ਪੁਲਿਸ ਨੂੰ ਹਮਲਾਵਰਾਂ ਨੂੰ ਫੜਨ ਲਈ ਘਟਨਾ ਵਾਲੀ ਥਾਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਲਈ ਕਿਹਾ ਹੈ। ਦੋਸ਼ੀਆਂ ਨੂੰ ਲੱਭਣਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ