Nawanshahr News: ਮੁਜ਼ੱਫਰਪੁਰ ਦੀ ਆਰ.ਬੀ.ਐੱਸ.ਕੇ. ਟੀਮ ਨੇ ਰਾਸ਼ਟਰੀ ਦਸਤ ਰੋਕੂ ਮੁਹਿੰਮ ਤਹਿਤ ਗੌਰਮਿੰਟ ਪ੍ਰਾਈਮਰੀ ਸਕੂਲ, ਹੰਸਰੋਂ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਵੱਖ-ਵੱਖ ਢੰਗ ਨਾਲ ਹੱਥ ਧੋਣ ਦਾ ਤਰੀਕਾ ਸਿਖਾਇਆ। ਇਸ ਮੌਕੇ ਆਰ.ਬੀ.ਐੱਸ.ਕੇ. ਦੇ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਸੂਰਜ ਬਾਲੀ ਨੇ ਦੱਸਿਆ ਕਿ ਰਾਸ਼ਟਰੀ ਦਸਤ ਰੋਕੂ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਤ ਰੋਕਣ ਲਈ ਵਿਦਿਆਰਥੀਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਹੱਥਾਂ ਦੀਆਂ ਰੇਖਾਵਾਂ ਵਿਚ ਬਹੁਤ ਸਾਰੇ ਸੂਖਮ ਜੀਵ ਹੁੰਦੇ ਹਨ ਜੋ ਸਾਨੂੰ ਨਜ਼ਰ ਨਹੀਂ ਆਉਂਦੇ। ਹੱਥਾਂ ਦੀ ਸਹੀ ਢੰਗ ਨਾਲ ਸਫਾਈ ਨਾ ਹੋਣ ਕਾਰਨ ਇਹ ਸੂਖਮ ਜੀਵ ਖਾਣ ਪੀਣ ਦੀਆਂ ਵਸਤਾਂ ਰਾਹੀਂ ਸਾਡੇ ਅੰਦਰ ਚਲੇ ਜਾਂਦੇ ਹਨ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸ ਲਈ ਸਾਨੂੰ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਫ਼-ਸਫਾਈ ਰੱਖਣਾ ਦਸਤਾਂ ਦੀ ਬਿਮਾਰੀ ਦੀ ਰੋਕਥਾਮ ਲਈ ਸਹਾਈ ਹੁੰਦਾ ਹੈ। ਉਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਹੱਥ ਧੋਣ ਦੀ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ, ਮਲ ਤਿਆਗ ਕਰਨ ਤੋਂ ਬਾਅਦ, ਖਾਣਾ ਬਣਾਉਣ ਤੇ ਖਾਣਾ ਪਰੋਸਣ ਤੋਂ ਪਹਿਲਾਂ, ਜਾਨਵਰਾਂ ਜਾਂ ਕੂੜੇ ਕਰਕਟ ਨੂੰ ਛੋਹਣ ਤੋਂ ਬਾਅਦ, ਬੱਚੇ ਦਾ ਮਲ ਤਿਆਗ ਸਾਫ਼ ਕਰਨ ਤੋਂ ਬਾਅਦ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।
ਰਾਸ਼ਟਰੀ ਦਸਤ ਰੋਕੂ ਮੁਹਿੰਮ ਜੋ ਕਿ 1 ਜੁਲਾਈ ਤੋਂ 31 ਅਗਸਤ 2024 ਤੱਕ ਚਲਾਈ ਜਾ ਰਹੀ ਹੈ, ਦਾ ਮੁੱਖ ਮੰਤਵ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜ਼ੀਰੋ ਤੇ ਲਿਆਉਣਾ ਹੈ। ਡਾ. ਬਾਲੀ ਨੇ ਦੱਸਿਆ ਕਿ ਸਾਡੇ ਦੇਸ਼ ਵਿਚ ਹਰ ਸਾਲ ਲੱਖਾਂ ਬੱਚਿਆਂ ਦੀ ਦਸਤ ਕਾਰਨ ਮੌਤ ਹੋ ਜਾਂਦੀ ਹੈ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਹੋਣ ਦੀ ਸੰਭਾਵਨਾ ਹੁੰਦੀ ਹੈ। ਅਸੀਂ ਰਾਸ਼ਟਰੀ ਦਸਤ ਰੋਕੂ ਅਭਿਆਨ ਤਹਿਤ ਸਾਫ-ਸਫਾਈ ਰੱਖਣ ਲਈ ਜਾਗਰੂਕਤਾ ਫੈਲਾ ਕੇ ਦਸਤ ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਦਸਤਾਂ ਤੋਂ ਬਚਾਅ ਲਈ ਸਾਫ਼ ਸਫਾਈ ਦੀ ਮਹੱਤਵਪੂਰਨ ਭੂਮਿਕਾ ਹੈ।
ਹਿੰਦੂਸਥਾਨ ਸਮਾਚਾਰ