Khanna News: ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਖੰਨਾ ਪੁਲਿਸ ਵੱਲੋਂ ਏ.ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਸਮਰਾਲਾ ਰੋਡ, ਖੰਨਾ ਵਿਖੇ ਬੱਚਿਆਂ ਲਈ ‘ਕਰਾਟੇ ਮੁਕਾਬਲੇ’ ਦਾ ਸਫਲ ਆਯੋਜਨ ਕਰਵਾਇਆ ਗਿਆ। ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਖੰਨਾ ਪੁਲਿਸ ਨਸ਼ਿਆਂ ਨੂੰ ਜੜ੍ਹੋ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਜਿਸਦੇ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਾਸਾ ਵੱਟਣ ਅਤੇ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾ ਸਪੱਸ਼ਟ ਕੀਤਾ ਕਿ ਨਸ਼ਿਆਂ ਨੂੰ ਤਵੱਜੋਂ ਦੇਣ ਵਾਲੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾ ਇਹ ਵੀ ਦੱਸਿਆ ਕਿ ਨਸ਼ੇ ਨਾ ਸਿਰਫ ਵਿਅਕਤੀ ਨੂੰ, ਸਗੋਂ ਸਾਰੇ ਸਮਾਜ ਨੂੰ ਖੋਖਲਾ ਕਰ ਦਿੰਦੇ ਹਨ।
ਕਰਾਟੇ ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਆਈ.ਪੀ.ਐਸ. ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਖੰਨਾ ਦੇ ਵੱਖ-ਵੱਖ ਸਕੂਲਾਂ ਦੇ ਕਰੀਬ 90 ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਵਿੱਚ 6 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਖਿਡਾਰੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਖੇਡ ਮੁਕਾਬਲਿਆਂ ਪ੍ਰਤੀ ਬੱਚਿਆਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਵਿਚਕਾਰ ਫੱਸਵੇਂ ਮੁਕਾਬਲੇ ਦੇਖਣ ਨੂੰ ਮਿਲੇ।
ਉਨ੍ਹਾਂ ਦੱਸਿਆ ਕਿ ਪਹਿਲੇ ਇਨਾਮ ਵਜੋਂ 16 ਖਿਡਾਰੀਆਂ ਨੂੰ ਸੋਨ ਤਗਮਾ ਅਤੇ ਕਰਾਟੇ ਕਿੱਟ ਸੁਪਰਦ ਕੀਤੀ ਗਈ, ਦੂਜੇ ਸਥਾਨ ‘ਤੇ ਰਹਿਣ ਵਾਲੇ 16 ਬੱਚਿਆਂ ਨੂੰ ਚਾਂਦੀ ਦੇ ਤਗਮੇ ਜਦਕਿ ਤੀਸਰੇ ਸਥਾਨ ‘ਤੇ 32 ਖਿਡਾਰੀਆਂ ਨੂੰ ਕਾਂਸੀ ਦੇ ਤਗਮੇ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਸੌਪੇ ਗਏ।
ਹਿੰਦੂਸਥਾਨ ਸਮਾਚਾਰ