Chandigarh News: ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਗਸ਼ਤ ਦੌਰਾਨ ਸ਼ੱਕੀ ਹਾਲਾਤਾਂ ਵਿੱਚ ਘੁੰਮ ਰਹੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤਾ ਗਿਆ ਮੁਲਜ਼ਮ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਕਾਬੂ ਕੀਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੀਐਸਐਫ ਦੀ 55 ਬਟਾਲੀਅਨ ਦੇ ਕਮਾਂਡੈਂਟ ਕੇ. ਐਨ ਤ੍ਰਿਪਾਠੀ ਅਨੁਸਾਰ ਬੀਤੀ ਰਾਤ ਗਸ਼ਤ ਦੌਰਾਨ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਾਓਪੀ ਖਾਨਪੁਰ ਦੀ ਅੰਤਰਰਾਸ਼ਟਰੀ ਕੰਡਿਆਲੀ ਤਾਰ ਨੇੜਿਓਂ ਇੱਕ ਵਿਅਕਤੀ ਨੂੰ ਸ਼ੱਕੀ ਹਾਲਾਤਾਂ ਵਿੱਚ ਕਾਬੂ ਕੀਤਾ ਗਿਆ। ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਮ ਸਾਜਿਦ ਅਲੀ ਪੁੱਤਰ ਆਲਮਦੀਨ ਵਾਸੀ ਖੁਰਗਾਨ ਜ਼ਿਲ੍ਹਾ ਸ਼ਾਮਲੀ ਯੂਪੀ ਦੱਸਿਆ ਹੈ।
ਮੁਲਜ਼ਮ ਦਾ ਕਹਿਣਾ ਹੈ ਕਿ ਉਹ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੇ ਇੱਕ ਗਰੁੱਪ ਵਿੱਚ ਇੱਥੇ ਆਇਆ ਸੀ। ਰਸਤਾ ਭਟਕਣ ਕਾਰਨ ਉਹ ਸਰਹੱਦ ਨੇੜੇ ਲੱਗੀ ਅੰਤਰਰਾਸ਼ਟਰੀ ਕੰਡਿਆਲੀ ਤਾਰ ਦੇ ਕੋਲ ਜਾ ਵੜਿਆ। ਬੀਐਸਐਫ ਵੱਲੋਂ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਰਾਤ ਨੂੰ ਉਥੇ ਕੀ ਕਰ ਰਿਹਾ ਸੀ। ਬੀਐਸਐਫ ਅਧਿਕਾਰੀ ਅਨੁਸਾਰ ਕਾਬੂ ਕੀਤੇ ਵਿਅਕਤੀ ਨੂੰ ਥਾਣਾ ਖੂਈਖੇੜਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਵੱਲੋਂ ਦੱਸੇ ਪਤੇ ਦੇ ਆਧਾਰ ’ਤੇ ਉੱਤਰ ਪ੍ਰਦੇਸ਼ ਪੁਲਿਸ ਨਾਲ ਸੰਪਰਕ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ