Kathmandu News: ਕਾਠਮੰਡੂ ਵੱਲ ਜਾ ਰਹੀਆਂ ਯਾਤਰੀਆਂ ਨਾਲ ਭਰੀਆਂ ਦੋ ਬੱਸਾਂ ਸ਼ੁੱਕਰਵਾਰ ਨੂੰ ਨਦੀ ਵਿੱਚ ਡਿੱਗਣ ਕਾਰਨ 65 ਯਾਤਰੀ ਲਾਪਤਾ ਹਨ। ਲਗਾਤਾਰ ਹੋ ਰਹੀ ਬਾਰਸ਼, ਨਦੀ ’ਚ ਆਏ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਅਜੇ ਸ਼ੁਰੂ ਨਹੀਂ ਹੋ ਸਕੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਰਗੰਜ ਤੋਂ ਕਾਠਮੰਡੂ ਵੱਲ ਆ ਰਹੀ ਏਂਜਲ ਨਾਈਟ ਬੱਸ ਅਤੇ ਕਾਠਮੰਡੂ ਤੋਂ ਗੌਰ ਵੱਲ ਜਾ ਰਹੀ ਗਣਪਤੀ ਟਰੈਵਲਜ਼ ਦੀਆਂ ਬੱਸਾਂ ਢਿੱਗਾਂ ਡਿੱਗਣ ਕਾਰਨ ਨਦੀ ਵਿੱਚ ਜਾ ਡਿੱਗੀਆ। ਹਾਈਵੇਅ ਸੁਰੱਖਿਆ ਦੇ ਇੰਚਾਰਜ ਹਾਈਵੇਅ ਪੈਟਰੋਲਿੰਗ ਪੁਲਿਸ ਟੀਮ ਨੇ ਦੱਸਿਆ ਕਿ ਚਿਤਵਨ ‘ਚ ਅਚਾਨਕ ਢਿੱਗਾਂ ਡਿੱਗਣ ਕਾਰਨ ਦੋਵੇਂ ਬੱਸਾਂ ਤੜਕੇ 3 ਵਜੇ ਦੇ ਕਰੀਬ ਤ੍ਰਿਸ਼ੂਲੀ ਨਦੀ ‘ਚ ਡਿੱਗ ਗਈਆਂ।
ਚਿਤਵਨ ਦੇ ਮੁੱਖ ਜ਼ਿਲ੍ਹਾ ਮੈਜਿਸਟ੍ਰੇਟ ਇੰਦਰਦੇਵ ਯਾਦਵ ਅਨੁਸਾਰ ਕਾਠਮੰਡੂ ਤੋਂ ਗੌਰ ਵੱਲ ਆ ਰਹੀ ਬੱਸ ਵਿੱਚ 43 ਯਾਤਰੀ ਸਵਾਰ ਸਨ, ਜਦੋਂ ਕਿ ਬੀਰਗੰਜ ਤੋਂ ਕਾਠਮੰਡੂ ਜਾ ਰਹੀ ਬੱਸ ਵਿੱਚ ਕੁੱਲ 22 ਯਾਤਰੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ ਪ੍ਰਸ਼ਾਸਨ ਆਪਣੇ ਪੱਖ ਤੋਂ ਪੂਰੀ ਤਰ੍ਹਾਂ ਤਿਆਰ ਹੈ ਅਤੇ ਗੋਤਾਖੋਰਾਂ ਦੀ ਟੀਮ ਵੀ ਤਿਆਰ ਹੈ ਪਰ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਸੜਕ ਦੇ ਬੰਦ ਹੋਣ ਕਰਕੇ ਰਾਹਤ ਅਤੇ ਬਚਾਅ ਕਾਰਜ ਅਜੇ ਸ਼ੁਰੂ ਨਹੀਂ ਹੋ ਸਕੇ ਹਨ।
ਇਸ ਦੌਰਾਨ ਖ਼ਬਰ ਮਿਲੀ ਹੈ ਕਿ ਕਾਠਮੰਡੂ ਤੋਂ ਗੌਰ ਵੱਲ ਜਾ ਰਹੀ ਬੱਸ ਦੇ ਨਦੀ ਵਿੱਚ ਡਿੱਗਣ ਤੋਂ ਪਹਿਲਾਂ ਹੀ ਤਿੰਨ ਯਾਤਰੀਆਂ ਨੇ ਉਸਦੇ ਕੈਬਿਨ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਸੜਕ ਤੋਂ ਕਰੀਬ 500 ਮੀਟਰ ਹੇਠਾਂ ਡਿੱਗ ਰਹੀ ਬੱਸ ਦੇ ਕੈਬਿਨ ‘ਚ ਡਰਾਈਵਰ ਸੀਟ ਦੇ ਕੋਲ ਬੈਠੇ ਯਾਤਰੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਤਿੰਨਾਂ ਨੂੰ ਨਰਾਇਣਘਾਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਉਨ੍ਹਾਂ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੇ ਬਾਕੀ ਸਾਥੀ ਅਤੇ ਹੋਰ ਸਵਾਰੀਆਂ ਬੱਸ ਸਮੇਤ ਨਦੀ ਵਿੱਚ ਰੁੜ੍ਹ ਗਈਆਂ ਹਨ।
ਹਿੰਦੂਸਥਾਨ ਸਮਾਚਾਰ