Yoga Girl Archana Makwana: ਸ੍ਰੀ ਦਰਬਾਰ ਸਾਹਿਬ ਵਿੱਚ ਯੋਗਾ ਕਰ ਕੇ ਵਿਵਾਦਾਂ ਵਿੱਚ ਘਿਰੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਮਾ ਨੇ ਪੰਜਾਬ ਪੁਲਿਲ ਵੱਲੋਣ ਭੇਜੇ ਗਏ ਸੱਮਨਾਂ ਨੂੰ ਤਾਮੀਲ ਕਰ ਲਿਆ। ਅਤੇ ਪੁਲਿਸ ਜਾਂਚ ਵਿੱਚ ਸ਼ਾਮਲ ਹੋ ਕੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ।
ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਡਾ: ਦਰਪਨ ਆਹਲੂਵਾਲੀਆ ਨੇ ਕਿਹਾ, “ਅਰਚਨਾ ਮਕਵਾਨਾ ਨੇ ਅੱਜ ਆਪਣਾ ਬਿਆਨ ਔਨਲਾਈਨ ਦਰਜ ਕਰਵਾਇਆ ਹੈ, ਜਿਸ ਦੀ ਅਗਲੀ ਕਾਰਵਾਈ ਲਈ ਤਸਦੀਕ ਕੀਤੀ ਜਾਵੇਗੀ।” ਉਹਨਾਂ ਕਿਹਾ ਕਿ “ਸਾਨੂੰ ਈ-ਮੇਲ ਰਾਹੀਂ ਉਸਦਾ ਬਿਆਨ ਮਿਲਿਆ ਹੈ। ਉਸਦੇ ਜਵਾਬ ਦੀ ਸਹੀ ਸਮੱਗਰੀ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਜਾਂਚ ਦਾ ਹਿੱਸਾ ਹੈ, ”
ਆਹਲੂਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਬਾਰੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। “ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਮਕਵਾਣਾ ਦੇ ਸਪੱਸ਼ਟੀਕਰਨ ਬਾਰੇ ਪੂਰਕ ਬਿਆਨ ਦੇਣ ਲਈ ਕਿਹਾ ਹੈ। ਇਸ ਤੋਂ ਬਾਅਦ ਵੈਰੀਫਿਕੇਸ਼ਨ ਕੀਤੀ ਜਾਵੇਗੀ। ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਦਸ ਦਇਏ ਕਿ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕੀਤਾ ਸੀ, ਜੋ ਕਿ ਐਸਜੀਪੀਸੀ ਅਨੁਸਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ। ਇਸ ਦੇ ਵਿਰੋਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਚਨਾ ਖਿਲਾਫ਼ ਸ਼ਿਕਾਇਤ ਕੀਤੇ ਜਾਣ ਮਗਰੋਂ ਪੁਲਿਸ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ‘ਚ ਸ਼ਾਮਲ ਹੋਣ ਲਈ ਸੰਮਨ ਭੇਜੇ ਗਏ ਸਨ।
ਏਡੀਸੀਪੀ ਨੇ ਦੱਸਿਆ ਕਿ ਜਿਹੜੇ ਸੰਮਨ ਥਾਣਾ ਕਤਵਾਲੀ ਵੱਲੋਂ ਭੇਜੇ ਗਏ ਸਨ, ਉਹ ਅਰਚਨਾ ਨੇ ਤਾਮੀਲ ਕਰ ਲਏ ਹਨ। ਹੁਣ ਉਹ ਪੁਲਿਸ ਜਾਂਚ ਵਿੱਚ ਸ਼ਾਮਲ ਹੋ ਗਈ ਹੈ ਅਤੇ ਬਿਆਨ ਵੀ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਰਚਨਾ ਜਾਂਚ ਵਿੱਚ ਸ਼ਾਮਲ ਨਹੀਂ ਹੁੰਦੀ ਸੀ, ਤਾਂ ਉਸ ਦੀ ਗ੍ਰਿਫ਼ਤਾਰੀ ਵੀ ਕੀਤੀ ਜਾਣੀ ਸੀ। ਦਸ ਦਇਏ ਕਿ ਮਕਵਾਨਾ ਨੂੰ 26 ਜੂਨ ਨੂੰ ਸੀਆਰਪੀਸੀ ਦੀ ਧਾਰਾ 41-ਏ ਦੇ ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ 30 ਜੂਨ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ, ਪਰ ਉਸਨੇ ਇਸ ਦੀ ਪਾਲਣਾ ਨਹੀਂ ਕੀਤੀ।
ਸੂਤਰਾਂ ਨੇ ਦੱਸਿਆ ਕਿ ਮਕਵਾਣਾ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਉਸ ਦਾ ਇਰਾਦਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਇਹ ਅਣਜਾਣਪੁਣੇ ਵਿੱਚ ਹੋਇਆ ਹੈ।
ਸੋਸ਼ਲ ਮੀਡੀਆ ਇਨਫਲੂਐਂਸਰ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਸਨੇ 21 ਜੂਨ ਨੂੰ ਪਰਿਕਰਮਾ ਵਿੱਚ ‘ਸ਼ੀਰਸ਼ਾਸਨ’ ਦਾ ਅਭਿਆਸ ਕੀਤਾ ਸੀ, ਤਾਂ ਉਸ ਨੂੰ ਕਦੇ ਵੀ ਐਸਜੀਪੀਸੀ ਦੀ ਟਾਸਕ ਫੋਰਸ ਸਮੇਤ ਕਿਸੇ ਨੇ ਨਹੀਂ ਰੋਕਿਆ ਸੀ।
ਉਸ ਨੇ ਇਹ ਵੀ ਸਵਾਲ ਕੀਤਾ ਸੀ ਕਿ ਗੁਜਰਾਤ ਤੋਂ ਪਹਿਲੀ ਵਾਰ ਆਈ ਸੀ, ਉਹ ਹਰਿਮੰਦਰ ਸਾਹਿਬ ਦੇ ‘ਆਚਾਰ ਜ਼ਾਬਤੇ’ ਤੋਂ ਜਾਣੂ ਕਿਵੇਂ ਹੋ ਸਕਦੀ ਹੈ।
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਖੁਲਾਸਾ ਕੀਤਾ ਸੀ ਕਿ ਮਕਵਾਣਾ ਨੇ ਉਨ੍ਹਾਂ ਅਤੇ ਅਕਾਲ ਤਖ਼ਤ ਸਕੱਤਰੇਤ ਨੂੰ
ਮੁਆਫੀਨਾਮਾ ਪੱਤਰ ਸੌਂਪਿਆ ਸੀ, ਪਰ ਉਸ ਦੇ ਹਮਲਾਵਰ ਵਿਵਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸ ਦਾ ਇਹ ਕੰਮ ਮਾਫ਼ ਕਰਨ ਯੋਗ ਨਹੀਂ ਸੀ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਾਮਲਾ ਧਾਰਮਿਕ ਬੇਅਦਬੀ ਨਾਲ ਸਬੰਧਤ ਹੈ ਅਤੇ ਕਈ ਸ਼ਰਧਾਲੂਆਂ ਦੇ ਇਤਰਾਜ਼ਾਂ ਤੋਂ ਬਾਅਦ ਇਸ ਨੂੰ ਅੰਮ੍ਰਿਤਸਰ ਪ੍ਰਸ਼ਾਸਨ ਕੋਲ ਭੇਜਿਆ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਆਪਣੇ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਤੀਜੇ ਸਟਾਫ਼ ਮੈਂਬਰ ਨੂੰ ਜੁਰਮਾਨਾ ਕਰਨ ਤੋਂ ਇਲਾਵਾ ਸ਼ਹਿਰ ਤੋਂ ਬਾਹਰ ਤਬਾਦਲਾ ਕਰ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ