Tripura HIV News: ਤ੍ਰਿਪੁਰਾ ਸੂਬੇ ’ਚ 828 ਵਿਦਿਆਰਥੀ HIV ਨਾਲ ਪੀੜਤ ਪਾਏ ਗਏ ਹਨ। ਇਨ੍ਹਾਂ ਵਿੱਚੋਂ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐਚਆਈਵੀ ਤੋਂ ਪੀੜਤ ਬਹੁਤ ਸਾਰੇ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਯੂਨੀਵਰਸਿਟੀਆਂ ਜਾਂ ਵੱਡੇ ਕਾਲਜਾਂ ਵਿੱਚ ਦਾਖ਼ਲਾ ਲੈ ਕੇ ਪੜ੍ਹ ਰਹੇ ਹਨ।
ਤ੍ਰਿਪੁਰਾ ਸਟੇਟ ਏਡਜ਼ ਕੰਟਰੋਲ ਸੁਸਾਇਟੀ (TSACS)ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ 828 ਵਿਦਿਆਰਥੀਆਂ ਵਿੱਚ ਐੱਚਆਈਵੀ (HIV)ਦੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਏਡਜ਼ ਕੰਟਰੋਲ ਸੁਸਾਇਟੀ ਨੇ 828 ਵਿਦਿਆਰਥੀਆਂ ਨੂੰ ਐੱਚਆਈਵੀ ਪਾਜ਼ੇਟਿਵ ਲਈ ਰਜਿਸਟਰ ਕੀਤਾ ਹੈ।
ਇਸ ਕਾਰਨ ਫੈਲੀ ਇਹ ਬਿਮਾਰੀ
ਇਨ੍ਹਾਂ ਵਿੱਚੋਂ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਟੀਐਸਏਸੀਐਸ ਨੇ ਸੂਬੇ ਦੇ 220 ਸਕੂਲਾਂ, 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਜੋ ਨਸ਼ੇ ਦੀ ਲਤ ਲਈ ਟੀਕਿਆਂ ਦੀ ਵਰਤੋਂ ਕਰਦੇ ਹਨ।
ਟੀਐਸਏਸੀਐਸ ਦੇ ਸੰਯੁਕਤ ਡਾਇਰੈਕਟਰ ਨੇ ਇਹ ਅੰਕੜੇ ਤ੍ਰਿਪੁਰਾ ਜਰਨਲਿਸਟ ਯੂਨੀਅਨ, ਵੈੱਬ ਮੀਡੀਆ ਫੋਰਮ ਅਤੇ ਟੀਐਸਏਸੀਐਸ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ। ਉਨ੍ਹਾਂ ਕਿਹਾ, 220 ਸਕੂਲਾਂ ਅਤੇ 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਵਿਦਿਆਰਥੀ ਨਸ਼ਿਆਂ ਦੇ ਆਦੀ ਪਾਏ ਗਏ ਹਨ।
ਟੀਐਸਏਸੀਐਸ (TSACS) ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਮਈ 2024 ਤੱਕ ਅਸੀਂ ਏਆਰਟੀ-ਐਂਟੀਰੇਟ੍ਰੋਵਾਇਰਲ ਥੈਰੇਪੀ ਕੇਂਦਰਾਂ ਵਿੱਚ 8,729 ਲੋਕਾਂ ਨੂੰ ਰਜਿਸਟਰ ਕੀਤਾ ਹੈ। ਐੱਚਆਈਵੀ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 5,674 ਹੈ ਅਤੇ ਇਨ੍ਹਾਂ ਵਿੱਚੋਂ 4,570 ਪੁਰਸ਼, 1103 ਔਰਤਾਂ ਅਤੇ ਸਿਰਫ਼ ਇੱਕ ਮਰੀਜ਼ ਟਰਾਂਸਜੈਂਡਰ ਹੈ।
ਐੱਚਆਈਵੀ ਦੇ ਮਾਮਲਿਆਂ ਵਿੱਚ ਵਾਧੇ ਲਈ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਟੀਐਸਏਸੀਐਸ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਅਮੀਰ ਪਰਿਵਾਰਾਂ ਦੇ ਬੱਚੇ ਐਚਆਈਵੀ ਨਾਲ ਸੰਕਰਮਿਤ ਪਾਏ ਗਏ ਹਨ। ਅਜਿਹੇ ਪਰਿਵਾਰ ਵੀ ਹਨ ਜਿੱਥੇ ਮਾਤਾ-ਪਿਤਾ ਦੋਵੇਂ ਸਰਕਾਰੀ ਨੌਕਰੀ ‘ਤੇ ਹਨ।
ਜਾਣਕਾਰੀ ਦਿੰਦਿਆਂ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ‘ਚ, ਸੰਕ੍ਰਮਿਤ ਪਾਏ ਗਏ ਬੱਚੇ ਸੰਪੰਨ ਪਰਿਵਾਰਾਂ ਨਾਲ ਸੰਬੰਧਤ ਹਨ। ਡਰੱਗ ਲੈਣ ਅਤੇ ਦੂਸ਼ਿਤ ਸੂਈ ਦੇ ਇਸਤੇਮਾਲ ਕਾਰਨ ਵੀ ਐੱਚ.ਆਈ.ਵੀ. ਸੰਕਰਮਣ ਦਾ ਜ਼ੋਖ਼ਮ ਵਧਦਾ ਹੋਇਆ ਦੇਖਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ