Lucknow Accident News: ਉੱਤਰ ਪ੍ਰਦੇਸ਼ ‘ਚ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਉਨਾਓ ਜ਼ਿਲ੍ਹੇ ਦੇ ਬੇਹਟਾ ਮੁਜਾਵਰ ਖੇਤਰ ਦੇ ਗੜਾ ਪਿੰਡ ਨੇੜੇ ਅੱਜ ਸਵੇਰੇ 5:30 ਵਜੇ ਇਕ ਸਲੀਪਰ ਬੱਸ ਅੱਗੇ ਜਾ ਰਹੇ ਦੁੱਧ ਦੇ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਕਰੀਬ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਰੌਲਾ ਪੈਣ ‘ਤੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰਾਹਗੀਰਾਂ ਦੀ ਮਦਦ ਨਾਲ ਬੱਸ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਉਪ ਪੁਲਿਸ ਕਪਤਾਨ ਅਰਵਿੰਦ ਸਿੰਘ ਨੇ ਦੱਸਿਆ ਕਿ ਬੱਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ। ਇਸ ਵਿੱਚ ਜ਼ਿਆਦਾਤਰ ਮਜ਼ਦੂਰ ਸਵਾਰ ਸਨ। ਬੱਸ ਵਿੱਚ 50 ਦੇ ਕਰੀਬ ਸਵਾਰੀਆਂ ਸਨ। ਸੰਭਵ ਹੈ ਕਿ ਇਹ ਹਾਦਸਾ ਡਰਾਈਵਰ ਦੇ ਸੌਣ ਕਾਰਨ ਵਾਪਰਿਆ ਹੋਵੇ। ਮ੍ਰਿਤਕਾਂ ਅਤੇ ਜ਼ਖਮੀਆਂ ਦੇ ਨਾਮ ਅਤੇ ਪਤੇ ਇਕੱਠੇ ਕੀਤੇ ਜਾ ਰਹੇ ਹਨ। ਜ਼ਖਮੀਆਂ ਨੂੰ ਬਾਂਗਰਮਉਂ ਦੇ ਪ੍ਰਾਇਮਰੀ ਹੈਲਥ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ। ਐਸਡੀਐਮ ਨਮਰਤਾ ਸਿੰਘ ਨੇ ਮੈਡੀਕਲ ਸੈਂਟਰ ਵਿੱਚ ਪਹੁੰਚ ਕੇ ਜ਼ਖ਼ਮੀਆਂ ਨਾਲ ਗੱਲਬਾਤ ਕੀਤੀ। (ਵੇਰਵਿਆਂ ਦੀ ਉਡੀਕ ਹੈ।)
ਹਿੰਦੂਸਥਾਨ ਸਮਾਚਾਰ