Lok Sabha By-Election News: ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਵਿਧਾਨ ਸਭਾ ਉਪ ਚੋਣਾਂ ਦੀ ਵਾਰੀ ਹੈ। ਅਜਿਹੇ ‘ਚ ਇਕ ਵਾਰ ਫਿਰ ਐੱਨਡੀਏ ਅਤੇ ਇੰਡੀਆ ਗਠਜੋੜ ਵਿਚਾਲੇ ਤਾਕਤ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਜ਼ਿਮਨੀ ਚੋਣਾਂ ਲਈ ਦੋਵੇਂ ਗੱਠਜੋੜਾਂ ਦੇ ਉਮੀਦਵਾਰ ਹੁਣ ਆਹਮੋ-ਸਾਹਮਣੇ ਹਨ। ਬੁੱਧਵਾਰ ਨੂੰ ਸੱਤ ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਵੋਟਿੰਗ ਹੋ ਰਹੀ ਹੈ।
ਇਹ ਜ਼ਿਮਨੀ ਚੋਣ ਕੁਝ ਵਿਧਾਇਕਾਂ ਦੇ ਲੋਕ ਸਭਾ ਚੋਣ ਲੜਨ ਲਈ ਵਿਧਾਨ ਸਭਾ ਛੱਡਣ ਅਤੇ ਕੁਝ ਵਿਧਾਇਕਾਂ ਦੇ ਦੇਹਾਂਤ ਤੋਂ ਬਾਅਦ ਵਿਧਾਨ ਸਭਾ ਸੀਟਾਂ ਖਾਲੀ ਹੋਣ ਕਾਰਨ ਹੋ ਰਹੀ ਹੈ।ਅਜਿਹੇ ‘ਚ ਅੱਜ 10 ਜੁਲਾਈ ਨੂੰ ਪੱਛਮੀ ਬੰਗਾਲ ਦੀਆਂ 4, ਹਿਮਾਚਲ ਪ੍ਰਦੇਸ਼ ਦੀਆਂ 3, ਉੱਤਰਾਖੰਡ ਦੀਆਂ 2, ਬਿਹਾਰ ਦੀ 1, ਤਾਮਿਲਨਾਡੂ ਦੀ 1, ਮੱਧ ਪ੍ਰਦੇਸ਼ ਦੀ 1 ਅਤੇ ਪੰਜਾਬ ਦੀ 1 ਸੀਟ ’’ਤੇ ਵੋਟਾਂ ਪੈਣਗੀਆਂ।
ਪੱਛਮੀ ਬੰਗਾਲ ਦੀਆਂ ਚਾਰ ਸੀਟਾਂ ‘ਤੇ ਉਪ ਚੋਣਾਂ
ਬੰਗਾਲ ਦੀਆਂ ਚਾਰ ਸੀਟਾਂ ਰਾਏਗੰਜ, ਰਾਣਾਘਾਟ ਦੱਖਣ, ਬਾਗਦਾਹ ਅਤੇ ਮਾਣਿਕਤਲਾ ‘ਤੇ ਉਪ ਚੋਣਾਂ ਹੋ ਰਹੀਆਂ ਹਨ। ਇੱਥੇ ਤਿੰਨ ਸੀਟਾਂ ‘ਤੇ ਭਾਜਪਾ ਦੇ ਵਿਧਾਇਕ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਕੇ ਲੋਕ ਸਭਾ ਚੋਣ ਲੜੀਆਂ ਸਨ, ਜਦਕਿ ਮਾਣਿਕਤਲਾ ਸੀਟ ਤੋਂ ਟੀਐਮਸੀ ਵਿਧਾਇਕ ਸਾਧਨ ਪਾਂਡੇ ਹਨ ਦੇ ਦਿਹਾਂਤ ਕਾਰਨ ਸੀਟ ਖਾਲੀ ਹੋ ਗਈ ਹੈ। ਟੀਐਮਸੀ ਨੇ ਸਾਧਨ ਪਾਂਡੇ ਦੀ ਪਤਨੀ ਸੁਪਤੀ ਪਾਂਡੇ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਦਕਿ ਭਾਜਪਾ ਨੇ ਕਲਿਆਣ ਚੌਕੇ ’ਤੇ ਭਰੋਸਾ ਜਤਾਇਆ ਹੈ। ਟੀਐਮਸੀ ਉਮੀਦਵਾਰ ਕ੍ਰਿਸ਼ਨਾ ਕਲਿਆਣੀ ਰਾਏਗੰਜ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਮਾਨਸ ਕੁਮਾਰ ਘੋਸ਼ ਨਾਲ ਹੈ। ਉੱਥੇ ਹੀ ਸੀਪੀਐਮ ਦੇ ਸੀਨੀਅਰ ਆਗੂ ਮੋਹਿਤ ਸੇਨ ਗੁਪਤਾ ਖੱਬੇ-ਪੱਖੀ ਕਾਂਗਰਸ ਗਠਜੋੜ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਬਾਗਦਾਹ ਵਿਧਾਨ ਸਭਾ ਸੀਟ ਤੋਂ ਟੀਐਮਸੀ ਤੋਂ ਮਧੂਪਰਣਾ ਅਤੇ ਬੀਜੇਪੀ ਤੋਂ ਬਿਨੈ ਕੁਮਾਰ ਵਿਸ਼ਵਾਸ ਚੋਣ ਮੈਦਾਨ ਵਿੱਚ ਹਨ। ਰਾਣਾਘਾਟ ਦੱਖਣ ਤੋਂ ਟੀਐਮਸੀ ਨੇ ਮੁਕੁਟ ਮਣੀ ਅਧਿਕਾਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਭਾਜਪਾ ਨੇ ਮਨੋਜ ਕੁਮਾਰ ਵਿਸ਼ਵਾਸ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਹਿਮਾਚਲ ਦੀਆਂ ਤਿੰਨ ਸੀਟਾਂ ‘ਤੇ ਜ਼ਿਮਨੀ ਚੋਣਾਂ
ਹਿਮਾਚਲ ਪ੍ਰਦੇਸ਼ ‘ਚ ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ। ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਤਿੰਨੋਂ ਸੀਟਾਂ ‘ਤੇ ਜ਼ਿਮਨੀ ਚੋਣ ਹੋ ਰਹੀ ਹੈ। ਇਨ੍ਹਾਂ ਵਿਧਾਇਕਾਂ ਖ਼ਿਲਾਫ਼ ਰਾਜ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਪਾਉਣ ਕਾਰਨ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਕਾਰਵਾਈ ਕੀਤੀ ਗਈ ਸੀ। ਦੇਹਰਾ ਤੋਂ ਭਾਜਪਾ ਨੇ ਹੁਸ਼ਿਆਰ ਸਿੰਘ ਅਤੇ ਕਾਂਗਰਸ ਨੇ ਮੁੱਖ ਮੰਤਰੀ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਤਿੰਨ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।
ਹਮੀਰਪੁਰ ਤੋਂ ਭਾਜਪਾ ਨੇ ਆਸ਼ੀਸ਼ ਸ਼ਰਮਾ ਨੂੰ ਟਿਕਟ ਦਿੱਤੀ ਹੈ ਅਤੇ ਕਾਂਗਰਸ ਨੇ ਡਾਕਟਰ ਪੁਸ਼ਪੇਂਦਰ ਵਰਮਾ ਨੂੰ ਟਿਕਟ ਦਿੱਤੀ ਹੈ। ਨੰਦਲਾਲ ਸ਼ਰਮਾ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਨਾਲਾਗੜ੍ਹ ਸੀਟ ਤੋਂ ਕਾਂਗਰਸ ਨੇ ਹਰਦੀਪ ਸਿੰਘ ਬਾਵਾ ਅਤੇ ਭਾਜਪਾ ਨੇ ਕੇਐਲ ਠਾਕੁਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਤਿੰਨ ਹੋਰ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਉੱਤਰਾਖੰਡ ਦੀਆਂ ਦੋ ਸੀਟਾਂ ‘ਤੇ ਉਪ ਚੋਣਾਂ
ਉੱਤਰਾਖੰਡ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ 10 ਜੁਲਾਈ ਨੂੰ ਉਪ ਚੋਣਾਂ ਹੋ ਰਹੀਆਂ ਹਨ। ਸੂਬੇ ਦੇ ਹਰਿਦੁਆਰ ਜ਼ਿਲ੍ਹੇ ਦੀ ਮੰਗਲੌਰ ਅਤੇ ਚਮੋਲੀ ਜ਼ਿਲ੍ਹੇ ਦੀ ਬਦਰੀਨਾਥ ਵਿਧਾਨ ਸਭਾ ਸੀਟ ਲਈ ਅੱਜ ਵੋਟਿੰਗ ਹੋ ਰਹੀ ਹੈ। ਦੋਵਾਂ ਸੀਟਾਂ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੈ। ਕਾਂਗਰਸ ਵਿਧਾਇਕ ਰਾਜੇਂਦਰ ਭੰਡਾਰੀ ਦੇ ਅਸਤੀਫੇ ਕਾਰਨ ਬਦਰੀਨਾਥ ਵਿਧਾਨ ਸਭਾ ਸੀਟ ਤੋਂ ਚੋਣ ਹੋ ਰਹੀ ਹੈ, ਜਦੋਂ ਕਿ ਅਕਤੂਬਰ ਵਿੱਚ ਬਸਪਾ ਵਿਧਾਇਕ ਸਰਵਤ ਕਰੀਮ ਅੰਸਾਰੀ ਦੀ ਮੌਤ ਕਾਰਨ ਮੰਗਲੋਰ ਸੀਟ ’ਤੇ ਉਪ ਚੋਣ ਕਰਵਾਈ ਜਾ ਰਹੀ ਹੈ।
ਬਿਹਾਰ ਦੇ ਰੂਪੌਲੀ ‘ਚ ਜ਼ਿਮਨੀ ਚੋਣ ਦੀ ਲੜਾਈ
ਬੀਮਾ ਭਾਰਤੀ ਦੇ ਅਸਤੀਫੇ ਕਾਰਨ ਖਾਲੀ ਹੋਈ ਰੂਪੌਲੀ ਸੀਟ ‘ਤੇ ਉਪ ਚੋਣ ‘ਚ ਜਨਤਾ ਦਲ ਯੂਨਾਈਟਿਡ ਅਤੇ ਆਰਜੇਡੀ ਆਹਮੋ-ਸਾਹਮਣੇ ਹਨ। ਜਨਤਾ ਦਲ ਯੂਨਾਈਟਿਡ ਨੇ ਕਲਾਧਰ ਮੰਡਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਦੋਂ ਕਿ ਰਾਸ਼ਟਰੀ ਜਨਤਾ ਦਲ ਨੇ ਫਿਰ ਤੋਂ ਬੀਮਾ ਭਾਰਤੀ ‘ਤੇ ਦਾਅ ਲਗਾਇਆ ਹੈ। ਦੋਵੇਂ ਉਮੀਦਵਾਰ ਗੰਗੋਤਾ ਭਾਈਚਾਰੇ ਤੋਂ ਆਉਂਦੇ ਹਨ ਅਤੇ ਇਸ ਭਾਈਚਾਰੇ ਦੀ ਇੱਥੇ ਵੱਡੀ ਆਬਾਦੀ ਹੈ।
ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟ ਵੱਕਾਰ ਦਾ ਸਵਾਲ
ਮੱਧ ਪ੍ਰਦੇਸ਼ ਦੀ ਇਕਲੌਤੀ ਸੀਟ ਅਮਰਵਾੜਾ ‘ਤੇ ਉਪ ਚੋਣ ਹੋਣੀ ਹੈ ਪਰ ਇਸਨੂੰ ਵੀ ਭਾਜਪਾ ਅਤੇ ਕਾਂਗਰਸ ਨੇ ਵੱਕਾਰ ਦਾ ਸਵਾਲ ਬਣਾ ਦਿੱਤਾ ਹੈ। ਦਰਅਸਲ ਛਿੰਦਵਾੜਾ ਲੋਕ ਸਭਾ ਜਿੱਤਣ ਤੋਂ ਬਾਅਦ ਭਾਜਪਾ ਇੱਥੇ ਵੀ ਜਿੱਤਣਾ ਚਾਹੁੰਦੀ ਹੈ ਜਦਕਿ ਕਾਂਗਰਸ ਲੋਕ ਸਭਾ ਹਾਰ ਤੋਂ ਬਾਅਦ ਇਸਨੂੰ ਜਵਾਬੀ ਹਮਲੇ ਵਜੋਂ ਦੇਖ ਰਹੀ ਹੈ। ਇੱਥੇ ਮੁੱਖ ਮੁਕਾਬਲਾ ਭਾਜਪਾ ਉਮੀਦਵਾਰ ਕਮਲੇਸ਼ ਸ਼ਾਹ ਅਤੇ ਕਾਂਗਰਸ ਉਮੀਦਵਾਰ ਧੀਰਨ ਸ਼ਾਹ ਇਨਵਾਤੀ ਵਿਚਕਾਰ ਹੈ, ਪਰ ਗੋਂਡਵਾਨਾ ਗਣਤੰਤਰ ਪਾਰਟੀ ਦੇ ਉਮੀਦਵਾਰ ਦੇਵਰੇਵਨ ਭਲਾਵੀ ਵੋਟਾਂ ਨੂੰ ਕੱਟਣ ਦਾ ਦਮ ਰੱਖਦੇ ਹਨ। ਜਿਸ ਕਾਰਨ ਕਿਸੇ ਵੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।
ਤਾਮਿਲਨਾਡੂ ਦੀ ਇੱਕ ਸੀਟ ‘ਤੇ ਉਪ ਚੋਣ
ਤਾਮਿਲਨਾਡੂ ਦੀ ਵਿਕਰਵਾਂਦੀ ਵਿਧਾਨ ਸਭਾ ਸੀਟ ਤੋਂ ਡੀਐਮਕੇ ਦੇ ਵਿਧਾਇਕ ਐਨ. ਪੁਗਝੇਂਥੀ ਦੀ ਮੌਤ ਕਾਰਨ ਅਹੁਦਾ ਖਾਲੀ ਹੈ। ਅਜਿਹੇ ‘ਚ ਉਪ ਚੋਣਾਂ ‘ਚ ਡੀਐੱਮਕੇ ਅਤੇ ਐਨਡੀਏ ਦੀ ਸਹਿਯੋਗੀ ਪੀਐੱਮਕੇ ਵਿਚਾਲੇ ਸਿੱਧਾ ਮੁਕਾਬਲਾ ਹੈ। ਡੀਐਮਕੇ ਨੇ ਅਨੀਯੁਰ ਸਿਵਾ ਨੂੰ ਉਮੀਦਵਾਰ ਬਣਾਇਆ ਹੈ। ਇਸ ਦੌਰਾਨ ਅੰਨਾਡੀਐਮਕੇ ਨੇ ਉਪ ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਦੀ ਜਲੰਧਰ ਪੱਛਮੀ ਸੀਟ ‘ਤੇ ਭਗਵੰਤ ਮਾਨ ਦੀ ਅਗਨੀ ਪ੍ਰੀਖਿਆ
ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ’ਤੇ ਬੁੱਧਵਾਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਅਗਨੀ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ। ਜਿਨ੍ਹਾਂ ਨੇ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਜ਼ਿਮਨੀ ਚੋਣ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ। ਜਲੰਧਰ ਪੱਛਮੀ ਇੱਕ ਰਾਖਵਾਂ ਵਿਧਾਨ ਸਭਾ ਹਲਕਾ ਹੈ, ਜਿੱਥੇ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਬਹੁ-ਪੱਖੀ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਯੂਪੀ ਵਿੱਚ ਵੀ ਜ਼ਿਮਨੀ ਚੋਣਾਂ ਹੋਣੀਆਂ ਹਨ, ਅਜੇ ਤਰੀਕ ਦਾ ਨਹੀਂ ਹੋਇਆ ਐਲਾਨ
ਉਪ-ਚੋਣਾਂ ਦੇ ਹਿੱਸੇ ਵਜੋਂ, ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ‘ਤੇ ਵੋਟਿੰਗ ਹੋਣੀ ਹੈ, ਪਰ ਅਜੇ ਤੱਕ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪ੍ਰਯਾਗਰਾਜ ਜ਼ਿਲ੍ਹੇ ਦੀ ਫੂਲਪੁਰ, ਅਲੀਗੜ੍ਹ ਦੀ ਖੈਰ, ਗਾਜ਼ੀਆਬਾਦ ਦੀ ਗਾਜ਼ੀਆਬਾਦ, ਮਿਰਜ਼ਾਪੁਰ ਦੀ ਮਝਵਾਂ, ਮੁਜ਼ੱਫਰਨਗਰ ਦੀ ਮੀਰਾਪੁਰ, ਅਯੁੱਧਿਆ ਦੀ ਮਿਲਕੀਪੁਰ, ਮੈਨਪੁਰੀ ਦੀ ਕਰਹਲ, ਅੰਬੇਡਕਰ ਨਗਰ ਦੀ ਕਟੇਹਰੀ, ਮੁਰਾਦਾਬਾਦ ਦੀ ਕੁੰਦਰਕੀ ਅਤੇ ਕਾਨਪੁਰ ਦੀ ਸਿਸਾਮਾਊ ਸੀਟ ‘ਤੇ ਉਪ ਚੋਣਾਂ ਹੋਣਗੀਆਂ। ਇੱਥੇ 10 ਵਿਚੋਂ 9 ਸੀਟਾਂ ’ਤੇ ਵਿਧਾਇਕਾਂ ਦੇ ਸਾਂਸਦ ਬਣਨ ਤੋਂ ਬਾਅਦ ਉਪ ਚੋਣਾਂ ਹੋਣੀਆਂ ਹਨ। ਉਥੇ ਹੀ ਕਾਨਪੁਰ ਦੀ ਸਿਸਾਮਊ ਵਿਧਾਨ ਸਭਾ ਸੀਟ ਤੋਂ ਸਪਾ ਵਿਧਾਇਕ ਇਰਫਾਨ ਸੋਲੰਕੀ ਨੂੰ ਹਾਲ ਹੀ ‘ਚ ਐਮਪੀ-ਐਮਐਲਏ ਅਦਾਲਤ ਤੋਂ ਸੱਤ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਹੱਥ ਧੋਣੇ ਪਏ ਹਨ। ਜ਼ਿਮਨੀ ਚੋਣ ਦੀਆਂ ਖਾਲੀ ਹੋਈਆਂ ਸੀਟਾਂ ਵਿੱਚੋਂ ਪੰਜ ਸੀਟਾਂ ਸਪਾ, ਤਿੰਨ ਭਾਜਪਾ, ਇੱਕ ਆਰਐਲਡੀ ਅਤੇ ਇੱਕ ਨਿਸ਼ਾਦ ਪਾਰਟੀ ਕੋਲ ਸੀ।
ਹਿੰਦੂਸਥਾਨ ਸਮਾਚਾਰ