Moscow News: ਰੂਸ ਤੇ ਯੂਕਰੇਨ ਦੀ ਜੰਗ ‘ਚ ਫਰੰਟ ਲਾਈਨ ‘ਤੇ ਲੜ ਰਹੇ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਰੂਸੀ ਫੌਜ ਵੱਲੋਂ ਲੜ ਰਹੇ ਕਈ ਭਾਰਤੀਆਂ ਦੀ ਵੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਰੂਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਫੌਜ ਵੱਲੋਂ ਲੜ ਰਹੇ ਭਾਰਤੀ ਨਾਗਰਿਕਾਂ ਨੂੰ ਛੁੱਟੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਦੌਰੇ ‘ਤੇ ਰੂਸ ਪਹੁੰਚ ਚੁੱਕੇ ਹਨ। ਦੋਵਾਂ ਨੇਤਾਵਾਂ ਵਿਚਾਲੇ ਅੱਜ ਕਈ ਮੁੱਦਿਆਂ ‘ਤੇ ਗੱਲਬਾਤ ਹੋਣ ਵਾਲੀ ਹੈ।
ਰੂਸੀ ਫੌਜ ‘ਚ ਫਸੇ ਭਾਰਤੀ ਨੌਜਵਾਨਾਂ ਨੂੰ ਘਰ ਵਾਪਸ ਭੇਜਣ ਦਾ ਕੀਤਾ ਫੈਸਲਾ
ਸੂਤਰਾਂ ਮੁਤਾਬਕ ਪੀਐਮ ਮੋਦੀ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਨਿੱਜੀ ਡਿਨਰ ਦੌਰਾਨ ਇਹ ਮੁੱਦਾ ਉਠਾਇਆ ਸੀ। ਰਾਸ਼ਟਰਪਤੀ ਪੁਤਿਨ ਨੇ ਵੀ ਪੀਐਮ ਮੋਦੀ ਦੀ ਗੱਲ ਮੰਨ ਲਈ ਤੇ ਰੂਸੀ ਫੌਜ ‘ਚ ਫਸੇ ਭਾਰਤੀ ਨੌਜਵਾਨਾਂ ਨੂੰ ਘਰ ਵਾਪਸ ਭੇਜਣ ਦਾ ਫੈਸਲਾ ਕੀਤਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ 4 ਜੁਲਾਈ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਤੋਂ ਪਹਿਲਾਂ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਕੋਲ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ।
ਯੂਕਰੇਨ ਵਿਰੁੱਧ ਰੂਸ ਦੀ ਜੰਗ ‘ਚ ਘੱਟੋ-ਘੱਟ ਦੋ ਭਾਰਤੀਆਂ ਦੀ ਮੌਤ ਹੋ ਗਈ ਹੈ ਜਦੋਂਕਿ ਯੁੱਧ ਖੇਤਰ ‘ਚ ਫਸੇ ਦਰਜਨਾਂ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਯੁੱਧ ਵਿਚ ਸ਼ਾਮਲ ਹੋਣ ਲਈ ਧੋਖਾ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਅਜੇ ਵੀ 30 ਤੋਂ 40 ਭਾਰਤੀ ਰੂਸੀ ਫੌਜ ਨਾਲ ਕੰਮ ਕਰਨ ਲਈ ਮਜਬੂਰ ਹਨ।
ਹਿੰਦੂਸਥਾਨ ਸਮਾਚਾਰ