Punjab News: ਪੰਜਾਬ ਪੁਲਿਸ ਨੇ ਅੱਤਵਾਦੀ ਰਹਿ ਚੁੱਕੇ ਰਤਨਦੀਪ ਸਿੰਘ ਦੇ ਕਤਲ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਸਫ਼ਲਤਾ ਹਾਸਲ ਕੀਤੀ ਹੈ। ਦੱਸ ਦਈਏ ਕਿਬ ਪੁਲਿਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੈਂਬਰ ਨੂੰ ਗ੍ਰਿਫ਼ਤਾਰ ਕਰ ਉਸ ਕੋਲੋਂ ਆਧੁਨਿਕ ਹਥਿਆਰਾਂ ਦੇ ਨਾਲ-ਨਾਲ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ, ਜਲੰਧਰ ਵੱਲੋਂ 3 ਅਪ੍ਰੈਲ, 2024 ਨੂੰ ਐੱਸ.ਬੀ.ਐੱਸ ਨਗਰ ਵਿਖੇ ਅੱਤਵਾਦੀ ਰਹਿ ਚੁੱਕੇ ਰਤਨਦੀਪ ਸਿੰਘ ‘ਤੇ ਹੋਈ ਘਾਤਕ ਗੋਲ਼ੀਬਾਰੀ ਵਿਚ ਸ਼ਾਮਲ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੈਂਬਰ ਤੇ ਮੁੱਖ ਹਮਲਾਵਰ ਸਿਮਰਨਜੀਤ ਬਬਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮੋਡਿਊਲ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਗੋਪੀ ਨਵਾਂਸ਼ਹਿਰੀਆ ਦੁਆਰਾ ਚਲਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਅਤਿ ਆਧੁਨਿਕ ਹਥਿਆਰਾਂ ਸਮੇਤ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। DGP ਨੇ ਅੱਗੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਪੁਲਸ ਸੂਬੇ ਵਿਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਰਤਨਦੀਪ ਸਿੰਘ ਕਿਸੇ ਵੇਲੇ ਅੱਤਵਾਦੀ ਰਹਿ ਚੁੱਕਿਆ ਹੈ ਤੇ ਪੁਲਸ ਵੱਲੋਂ ਉਸ ’ਤੇ 10 ਲੱਖ ਰੁਪਏ ਦਾ ਵੀ ਇਨਾਮ ਰੱਖਿਆ ਗਿਆ ਸੀ।
ਹਿੰਦੂਸਥਾਨ ਸਮਾਚਾਰ