Deogarh News: ਝਾਰਖੰਡ ਦੇ ਦੇਵਘਰ ‘ਚ ਐਤਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਸਿਟੀ ਥਾਣਾ ਖੇਤਰ ‘ਚ ਸੀਤਾ ਹੋਟਲ ਨੇੜੇ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਹਾਦਸੇ ‘ਚ 10 ਤੋਂ 12 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।
ਪ੍ਰਸ਼ਾਸਨ ਨੇ ਮਲਬੇ ‘ਚ 4 ਲੋਕਾਂ ਦੇ ਫਸੇ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ ਦਰਦਮਾਰਾ ਵਾਸੀ ਸੁਨੀਲ ਕੁਮਾਰ ਯਾਦਵ, ਪਤਨੀ ਸੋਨੀ ਦੇਵੀ, ਪੁੱਤਰ ਸਤਿਆਮ ਕੁਮਾਰ ਅਤੇ ਚਾਹ ਦੀ ਦੁਕਾਨ ਚਲਾਉਣ ਵਾਲੀ ਪੂਨਮ ਦੇਵੀ ਸ਼ਾਮਲ ਹਨ। ਸੁਨੀਲ ਕੁਮਾਰ ਯਾਦਵ ਨਿੱਜੀ ਡਰਾਈਵਰ ਹੈ। ਲੋਕਾਂ ਨੇ ਪੂਨਮ ਦੇ ਦੋ ਬੱਚਿਆਂ ਸੁਹਾਨੀ ਅਤੇ ਪੀਹੂ ਨੂੰ ਪਹਿਲਾਂ ਹੀ ਸੁਰੱਖਿਅਤ ਬਚਾ ਲਿਆ ਸੀ।
ਤਿੰਨ ਮੰਜ਼ਿਲਾ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਐਨਡੀਆਰਐਫ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਗੋਡਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਡੀਸੀ, ਐੱਸਪੀ ਮੌਕੇ ‘ਤੇ ਡੇਰੇ ਲਾਏ ਹੋਏ ਹਨ।
ਗੋਡਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਐਕਸ ‘ਤੇ ਪੋਸਟ ‘ਚ ਲਿਖਿਆ ਕਿ ਐਤਵਾਰ ਸਵੇਰੇ 6 ਵਜੇ ਦੇ ਕਰੀਬ ਦੇਵਘਰ ‘ਚ ਬਮਬਮ ਝਾਅ ਪਥ ‘ਤੇ ਤਿੰਨ ਮੰਜ਼ਿਲਾ ਮਕਾਨ ਡਿੱਗ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਇੱਕ ਟੀਮ ਭਿਜਵਾਈ। ਸਵੇਰ ਤੋਂ ਹੀ ਮੈਂ ਖੁਦ ਭਾਜਪਾ ਦੇ ਸੀਨੀਅਰ ਨੇਤਾਵਾਂ ਅਤੇ ਸਥਾਨਕ ਲੋਕਾਂ ਨਾਲ ਮੌਕੇ ‘ਤੇ ਮੌਜੂਦ ਹਾਂ। ਸਥਾਨਕ ਲੋਕਾਂ ਨੇ ਹੁਣ ਤੱਕ ਤਿੰਨ ਲੋਕਾਂ ਨੂੰ ਬਚਾਇਆ ਹੈ ਅਤੇ ਐਨਡੀਆਰਐਫ ਨੇ ਇੱਕ ਔਰਤ ਨੂੰ ਬਚਾਇਆ ਹੈ। ਬਚਾਅ ਕਾਰਜ ਚੱਲ ਰਿਹਾ ਹੈ, ਦੇਵਘਰ ਏਮਜ਼ ਨੇ ਜ਼ਖਮੀਆਂ ਲਈ ਇਲਾਜ ਦੀ ਸੁਵਿਧਾ ਕਰ ਰੱਖੀ ਹੈ।
ਹਿੰਦੂਸਥਾਨ ਸਮਾਚਾਰ