UK General Election: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਰਿਸ਼ੀ ਸੁਨਕ ਨੇ ਆਮ ਚੋਣਾਂ ਵਿੱਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਲੇਬਰ ਪਾਰਟੀ 14 ਸਾਲਾਂ ਬਾਅਦ ਬ੍ਰਿਟੇਨ ਵਿੱਚ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। ਲੇਬਰ ਪਾਰਟੀ ਨੇ ਸਰਕਾਰ ਬਣਾਉਣ ਲਈ ਲੋੜੀਂਦੀਆਂ 326 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਪਹਿਲੇ ਬਿਆਨ ਵਿੱਚ ਅਸਤੀਫੇ ਦਾ ਵੀ ਐਲਾਨ ਕੀਤਾ ਹੈ।
ਹੁਣ ਤੱਕ ਦੇ ਚੋਣ ਨਤੀਜਿਆਂ ਦੇ ਰੁਝਾਨਾਂ ਮੁਤਾਬਕ ਕੀਰ ਸਟਾਰਮਰ ਦੀ ਅਗਵਾਈ ਹੇਠ ਲੇਬਰ ਪਾਰਟੀ 1997 ਵਾਲੀ ਵੱਡੀ ਜਿੱਤ ਵੱਲ ਵਧ ਰਹੀ ਹੈ। ਲੇਬਰ ਪਾਰਟੀ ਨੇ ਹੁਣ ਤੱਕ 352 ਸੀਟਾਂ ਜਿੱਤੀਆਂ ਹਨ। ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਹੁਣ ਤੱਕ ਸਿਰਫ਼ 74 ਸੀਟਾਂ ਹੀ ਜਿੱਤ ਸਕੀ ਹੈ। ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਲੇਬਰ ਪਾਰਟੀ ਦੇ ਸਟਾਰਮਰ ਦਾ ਬਣਨਾ ਤੈਅ ਹੈ। ਸਟਾਰਮਰ ਨੂੰ 2020 ਵਿੱਚ ਜੇਰੇਮੀ ਕੋਰਬੀਨ ਦੀ ਥਾਂ ਲੇਬਰ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਸੀ।
ਐਗਜ਼ਿਟ ਪੋਲ ‘ਚ ਬ੍ਰਿਟੇਨ ਦੀਆਂ ਕੁੱਲ 650 ਸੀਟਾਂ ‘ਚੋਂ ਲੇਬਰ ਪਾਰਟੀ ਨੂੰ 410 ਅਤੇ ਕੰਜ਼ਰਵੇਟਿਵ ਪਾਰਟੀ ਨੂੰ 131 ਸੀਟਾਂ ਮਿਲਣ ਦੀ ਉਮੀਦ ਹੈ। ਬ੍ਰਿਟੇਨ ਦੇ ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਆਪਣੀ ਸੀਟ ਗੁਆ ਬੈਠੇ ਹਨ। ਗ੍ਰਾਂਟ ਹਾਰਨ ਵਾਲੇ ਹੁਣ ਤੱਕ ਦੇ ਸਭ ਤੋਂ ਸੀਨੀਅਰ ਕੰਜ਼ਰਵੇਟਿਵ ਕੈਬਨਿਟ ਮੈਂਬਰ ਬਣ ਗਏ ਹਨ। ਸ਼ਾਪਸ ਨੂੰ ਦੱਖਣੀ ਇੰਗਲੈਂਡ ਦੇ ਵੇਲਵਿਨ ਹੈਟਫੀਲਡ ਹਲਕੇ ਤੋਂ ਲੇਬਰ ਪਾਰਟੀ ਦੇ ਐਂਡਰਿਊ ਲੇਵਿਨ ਨੇ ਹਰਾ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ