SCO Summit 2024: ਭਾਰਤ ਨੇ ਅੱਤਵਾਦੀਆਂ ਨੂੰ ਪਨਾਹ ਦੇਣ, ਉਨ੍ਹਾਂ ਨੂੰ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਨ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਦੇਸ਼ਾਂ ਨੂੰ ਤਾੜਨਾ ਕੀਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਮੀਟਿੰਗ ‘ਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਅੱਤਵਾਦ ਦੇ ਮੁੱਦੇ ‘ਤੇ ਚੀਨ ਅਤੇ ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜੇਕਰ ਅੱਤਵਾਦ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਲਈ ਵੱਡਾ ਖਤਰਾ ਬਣ ਸਕਦਾ ਹੈ। ਇਸ ਮੌਕੇ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਪੜ੍ਹਿਆ। ਇਸ ਵਿੱਚ ਉਨ੍ਹਾਂ ਨੇ ਯਾਦ ਦਿਵਾਇਆ ਕਿ ਅੱਤਵਾਦ ਨਾਲ ਲੜਨਾ ਐਸਸੀਓ ਦੇ ਮੂਲ ਉਦੇਸ਼ਾਂ ਵਿੱਚੋਂ ਇੱਕ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ‘ਚ ਉਨ੍ਹਾਂ ਨੇ ਕਿਹਾ, ‘ਸਾਡੇ ‘ਚੋਂ ਕਈਆਂ ਦੇ ਅਜਿਹੇ ਤਜ਼ਰਬੇ ਹੋਏ ਹਨ ਜੋ ਅਕਸਰ ਸਾਡੀਆਂ ਸੀਮਾਵਾਂ ਤੋਂ ਬਾਹਰ ਹੁੰਦੇ ਹਨ। ਸਾਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜੇਕਰ ਇਸ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਖੇਤਰੀ ਅਤੇ ਵਿਸ਼ਵ ਸ਼ਾਂਤੀ ਲਈ ਵੱਡਾ ਖਤਰਾ ਬਣ ਸਕਦਾ ਹੈ। ਅੱਤਵਾਦ ਨੂੰ ਕਿਸੇ ਵੀ ਰੂਪ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਐੱਸ. ਜੈਸ਼ੰਕਰ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਨ੍ਹਾਂ ਦੇਸ਼ਾਂ ਨੂੰ ਅਲੱਗ-ਥਲੱਗ ਅਤੇ ਬੇਨਕਾਬ ਕਰਨਾ ਚਾਹੀਦਾ ਹੈ ਜੋ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ, ਉਨ੍ਹਾਂ ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਵਾਉਂਦੇ ਹਨ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦਾ ਇਸ਼ਾਰਾ ਸਪੱਸ਼ਟ ਤੌਰ ‘ਤੇ ਪਾਕਿਸਤਾਨ ਅਤੇ ਉਸਦੇ ਸਦਾਬਹਾਰ ਦੋਸਤ ਚੀਨ ਵੱਲ ਸੀ। ਉਨ੍ਹਾਂ ਅੱਗੇ ਕਿਹਾ, ਸਰਹੱਦ ਪਾਰ ਅੱਤਵਾਦ ਵਿਰੁੱਧ ਫੈਸਲਾਕੁੰਨ ਕਾਰਵਾਈ ਦੀ ਲੋੜ ਹੈ ਅਤੇ ਅੱਤਵਾਦ ਨੂੰ ਵਿੱਤ ਪੋਸ਼ਣ ਅਤੇ ਅੱਤਵਾਦੀਆਂ ਦੀ ਭਰਤੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਐਸਸੀਓ ਨੂੰ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਅਸੀਂ ਇਸ ਸਬੰਧ ਵਿਚ ਦੋਹਰੇ ਮਾਪਦੰਡ ਨਹੀਂ ਅਪਣਾ ਸਕਦੇ।” ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਭਾਰਤ ਦੀ ਪ੍ਰਧਾਨਗੀ ਦੌਰਾਨ ਇਸ ਵਿਸ਼ੇ ‘ਤੇ ਜਾਰੀ ਕੀਤਾ ਗਿਆ ਸਾਂਝਾ ਬਿਆਨ ਨਵੀਂ ਦਿੱਲੀ ਦੀ ਸਾਂਝੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਜੈਸ਼ੰਕਰ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਨੂੰ ਲੈ ਕੇ ਚੀਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਰਥਿਕ ਵਿਕਾਸ ਲਈ ਮਜ਼ਬੂਤ ਕਨੈਕਟੀਵਿਟੀ ਦੀ ਲੋੜ ਹੈ। ਇਹ ਸਾਡੇ ਸਮਾਜਾਂ ਵਿਚਕਾਰ ਸਹਿਯੋਗ ਅਤੇ ਭਰੋਸੇ ਲਈ ਵੀ ਰਾਹ ਪੱਧਰਾ ਕਰ ਸਕਦਾ ਹੈ। ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਸਨਮਾਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਗੈਰ-ਭੇਦਭਾਵਪੂਰਨ ਵਪਾਰਕ ਅਧਿਕਾਰ ਅਤੇ ਆਵਾਜਾਈ ਦੇ ਪ੍ਰਬੰਧ ਵੀ ਜ਼ਰੂਰੀ ਹਨ। ਐਸਸੀਓ ਨੂੰ ਇਨ੍ਹਾਂ ਪਹਿਲੂਆਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ, ਇਹ ਸਿਖਰ ਸੰਮੇਲਨ ਮਹਾਂਮਾਰੀ ਦੇ ਪ੍ਰਭਾਵ, ਚੱਲ ਰਹੇ ਸੰਘਰਸ਼ਾਂ, ਵਧਦੇ ਤਣਾਅ, ਭਰੋਸੇ ਦੀ ਕਮੀ ਅਤੇ ਦੁਨੀਆ ਭਰ ਵਿੱਚ ਹੌਟਸਪੌਟਸ ਦੀ ਵਧਦੀ ਗਿਣਤੀ ਦੇ ਪਿਛੋਕੜ ਵਿੱਚ ਹੋ ਰਿਹਾ ਹੈ। ਇਨ੍ਹਾਂ ਘਟਨਾਵਾਂ ਨੇ ਅੰਤਰਰਾਸ਼ਟਰੀ ਸਬੰਧਾਂ ਅਤੇ ਵਿਸ਼ਵ ਆਰਥਿਕ ਵਿਕਾਸ ‘ਤੇ ਮਹੱਤਵਪੂਰਨ ਦਬਾਅ ਪਾਇਆ ਹੈ। ਇਸ ਸੰਮੇਲਨ ਦਾ ਉਦੇਸ਼ ਇਨ੍ਹਾਂ ਘਟਨਾਵਾਂ ਦੇ ਨਤੀਜਿਆਂ ਨੂੰ ਘਟਾਉਣ ਲਈ ਸਾਂਝਾ ਆਧਾਰ ਲੱਭਣਾ ਹੈ।
ਹਿੰਦੂਸਥਾਨ ਸਮਾਚਾਰ