PAU Admission News: ਪੀ ਏ ਯੂ ਵਿਚ ਸਾਲ 2024 25 ਦੇ ਅਕਾਦਮਿਕ ਪ੍ਰੋਗਰਾਮਾਂ ਵਿਚ ਦਾਖਲਿਆਂ ਵਾਸਤੇ ਕਾਊਂਸਲਿੰਗ ਬੀਤੀ ਕੱਲ ਤੋਂ ਸ਼ੁਰੂ ਹੋ ਗਈ। ਇਹ ਕਾਊਂਸਲਿੰਗ ਆਉਂਦੇ ਤਿੰਨ ਦਿਨ ਤੱਕ ਜਾਰੀ ਰਹੇਗੀ। ਦੂਰ ਦਰਾਜ ਤੋਂ ਪੀ ਏ ਯੂ ਵਿਚ ਦਾਖਲ ਹੋਣ ਲਈ ਆਏ ਵਿਦਿਆਰਥੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਇਹ ਕਾਊਂਸਲਿੰਗ ਬੀਤੇ ਦਿਨੀਂ ਲਈ ਗਈ ਸਾਂਝੀ ਦਾਖਲਾ ਪ੍ਰੀਖਿਆ ਦੇ ਅਧਾਰ ਤੇ ਦਾਖਲਿਆਂ ਲਈ ਕਰਾਈ ਜਾ ਰਹੀ ਹੈ।
ਇਸ ਦੌਰਾਨ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਦਾਖਲੇ ਲਈ ਯੂਨੀਵਰਸਿਟੀ ਵਿਚ ਆ ਰਹੇ ਹਨ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਤੇ ਮੈਰਿਟ ਦੇ ਹਿਸਾਬ ਨਾਲ ਦਾਖਲੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬੀ ਐੱਸ ਸੀ ਐਗਰੀਕਲਚਰ, ਬੀ ਐੱਸ ਸੀ ਹਾਰਟੀਕਲਚਰ, ਬੀ ਐੱਸ ਸੀ ਫੂਡ ਸਾਇੰਸ ਐਂਡ ਤਕਨਾਲੋਜੀ ਅਤੇ ਸਾਂਝੀ ਦਾਖਲਾ ਪ੍ਰੀਖਿਆ ਦੇ ਹੋਰ ਕੋਰਸਾਂ ਵਿਚ ਦਾਖਲਾ ਦਿੱਤਾ ਜਾਵੇਗਾ।
ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਇਨ੍ਹਾਂ ਦਾਖਲਿਆਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਦਾ ਹਿੱਸਾ ਬਣਨ ਵਿਚ ਵਿਸ਼ੇਸ਼ ਰੁਚੀ ਦਿਖਾਈ ਹੈ। ਡਾ ਰਿਆੜ ਨੇ ਇਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਤੇ ਉਨ੍ਹਾਂ ਨਾਲ ਆਏ ਮਾਪਿਆਂ ਦਾ ਸਵਾਗਤ ਵੀ ਕੀਤਾ।
ਹਿੰਦੂਸਥਾਨ ਸਮਾਚਾਰ