NEET-UG Result News: ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (ਨੀਟ-ਯੂਜੀ) 2024 ਦੀ 23 ਜੂਨ ਨੂੰ ਆਯੋਜਿਤ ਮੁੜ ਪ੍ਰੀਖਿਆ (ਰੀਟੈਸਟ) ਦਾ ਨਤੀਜਾ ਐਲਾਨ ਦਿੱਤਾ ਹੈ। ਨੀਟ-ਯੂਜੀ ਮੁੜ ਪ੍ਰੀਖਿਆ ਲਈ ਹਾਜ਼ਰ ਹੋਏ 813 ਉਮੀਦਵਾਰਾਂ ਵਿੱਚੋਂ, ਕਿਸੇ ਨੂੰ ਵੀ ਪੂਰੇ ਅੰਕ ਨਹੀਂ ਮਿਲੇ, ਜਿਸ ਨਾਲ ਟਾਪਰਾਂ ਦੀ ਗਿਣਤੀ 67 ਤੋਂ ਘਟ ਕੇ 61 ਹੋ ਗਈ ਹੈ।
ਨੀਟ ਅਧਿਕਾਰੀਆਂ ਨੇ ਦੱਸਿਆ ਕਿ ਐੱਨਟੀਏ ਨੇ ਚੁਣੇ ਗਏ 1563 ਉਮੀਦਵਾਰਾਂ ਲਈ ਦੁਬਾਰਾ ਪ੍ਰੀਖਿਆ ਕਰਵਾਈ ਸੀ, ਜਿਨ੍ਹਾਂ ਨੂੰ ਸ਼ੁਰੂ ’ਚ ਗ੍ਰੇਸ ਅੰਕ ਦਿੱਤੇ ਗਏ ਸਨ ਕਿਉਂਕਿ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਪ੍ਰੀਖਿਆ ਦੇ ਸਮੇਂ ਦਾ ਨੁਕਸਾਨ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੀਖਿਆ ’ਚ 1,563 ਉਮੀਦਵਾਰਾਂ ਵਿੱਚੋਂ 813 ਮੁੜ ਪ੍ਰੀਖਿਆ ਲਈ ਹਾਜ਼ਰ ਹੋਏ ਸਨ, ਜਦੋਂਕਿ ਦੁਬਾਰਾ ਪ੍ਰੀਖਿਆ ਉਨ੍ਹਾਂ ਛੇ ਸ਼ਹਿਰਾਂ ਵਿੱਚ ਕਰਵਾਈ ਗਈ ਸੀ, ਇਹ ਵੱਖ-ਵੱਖ ਕੇਂਦਰਾਂ ਵਿੱਚ ਹੋਈ ਸੀ।
813 ਉਮੀਦਵਾਰਾਂ ਵਿੱਚੋਂ ਕੋਈ ਵੀ 720/720 ਅੰਕ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ, ਜਿਸ ਨਾਲ ਟਾਪਰਾਂ ਦੀ ਗਿਣਤੀ 67 ਤੋਂ ਘਟ ਕੇ 61 ਹੋ ਗਈ। ਛੇ ਉਮੀਦਵਾਰਾਂ ਵਿੱਚੋਂ ਪੰਜ, ਜਿਨ੍ਹਾਂ ਨੇ ਪਹਿਲਾਂ 720/720 ਦੇ ਸੰਪੂਰਨ ਅੰਕ ਪ੍ਰਾਪਤ ਕੀਤੇ ਸਨ, 23 ਜੂਨ ਨੂੰ ਦੁਬਾਰਾ ਪ੍ਰੀਖਿਆ ਲਈ ਹਾਜ਼ਰ ਹੋਏ। ਹਾਲਾਂਕਿ, ਉਨ੍ਹਾਂ ਨੇ 680 ਤੋਂ ਉੱਪਰ ਦੇ ਉੱਚ ਸਕੋਰ ਨੂੰ ਦੁਹਰਾਇਆ।
ਅੰਕੜਿਆਂ ਅਨੁਸਾਰ ਚੰਡੀਗੜ੍ਹ ਦੇ ਦੋ ਉਮੀਦਵਾਰਾਂ ਵਿੱਚੋਂ ਕੋਈ ਵੀ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋਇਆ। ਛੱਤੀਸਗੜ੍ਹ ਦੇ ਕੁੱਲ 602 ਵਿਦਿਆਰਥੀਆਂ ਵਿੱਚੋਂ 291, ਗੁਜਰਾਤ ਤੋਂ 1 ਵਿਦਿਆਰਥੀ, ਹਰਿਆਣਾ ਦੇ 494 ਵਿਦਿਆਰਥੀਆਂ ਵਿੱਚੋਂ 287 ਅਤੇ ਮੇਘਾਲਿਆ ਦੇ ਤੁਰਾ ਤੋਂ 234 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।
ਪ੍ਰਭਾਵਿਤ ਵਿਦਿਆਰਥੀਆਂ ਨੂੰ ਜਾਂ ਤਾਂ ਆਪਣੇ ਮੂਲ ਅੰਕ ਬਰਕਰਾਰ ਰੱਖਣ ਦਾ ਵਿਕਲਪ ਦਿੱਤਾ ਗਿਆ ਹੈ, ਭਾਵ ਬਿਨਾਂ ਗ੍ਰੇਸ ਅੰਕਾਂ ਦੇ, ਜਾਂ ਫਿਰ ਪ੍ਰੀਖਿਆ ਦੇਣ ਦਾ । 23 ਜੂਨ ਨੂੰ ਮੁੜ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸੋਧੇ ਅੰਕ ਜਾਰੀ ਕੀਤੇ ਜਾਣਗੇ। ਹਾਲਾਂਕਿ, ਜਿਹੜੇ ਵਿਦਿਆਰਥੀ ਮੁੜ ਪ੍ਰੀਖਿਆ ਲਈ ਨਹੀਂ ਆਏ ਹਨ, ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਪੁਰਾਣੇ ਮੂਲ ਅੰਕ ਦਿੱਤੇ ਜਾਣਗੇ, ਯਾਨੀ ਬਿਨਾਂ ਗ੍ਰੇਸ ਅੰਕਾਂ ਦੇ ਅੰਕ ਦਿੱਤੇ ਜਾਣਗੇ।
ਹਿੰਦੂਸਥਾਨ ਸਮਾਚਾਰ