Urmar Tanda Accident News: ਸਵੇਰੇ ਟਾਂਡਾ-ਹੁਸ਼ਿਆਰਪੁਰ ਮੁੱਖ ਸੜਕ ‘ਤੇ ਢੱਟਾਂ ਪੁਲੀ ਨੇੜੇ ਇਕ ਟਰਾਲੇ ਤੇ ਇਨੋਵਾ ਵਿਚਕਾਰ ਜਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਇਕ ਤਿੰਨ ਸਾਲਾ ਬੱਚੇ ਸਮੇਤ ਇਕੋ ਪਰਿਵਾਰ ਦੇ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਦਕਿ ਇਕ ਔਰਤ ਨੂੰ ਗੰਭੀਰ ਹਾਲਤ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਬਿਲਕੁਲ ਚਕਨਾਚੂਰ ਹੋ ਗਈ। ਮ੍ਰਿਤਕਾਂ ਵਿਚ ਦੋ ਮਰਦ ਇਕ ਔਰਤ ਤੇ ਇਕ ਤਿੰਨ ਸਾਲ ਦਾ ਬੱਚਾ ਸ਼ਾਮਿਲ ਹੈ। ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਫਾਰੂਕ ਵਾਸੀ ਜੰਮੂ ਵਜੋਂ ਹੋਈ, ਜਦਕਿ ਬਾਕੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ । ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਟਰਾਲਾ ਹੁਸ਼ਿਆਰਪੁਰ ਤੋਂ ਟਾਂਡਾ ਵੱਲ ਜਾ ਰਿਹਾ ਸੀ ਕਿ ਜਦੋ ਇਹ ਟਰਾਲਾ ਢੱਟਾਂ ਪੁਲੀ ਨੇੜੇ ਪਹੁੰਚਿਆ ਤਾਂ ਇਹ ਟਰਾਲਾ ਸਾਹਮਣੇ ਤੋਂ ਆ ਰਹੀ ਇਨੋਵਾ ਜੋ ਜੰਮੂ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ ਨਾਲ ਸਿੱਧਾ ਜਾ ਟਕਰਾਇਆ । ਹਾਦਸਾ ਇੰਨਾ ਜ਼ਬਰਦਸਤ ਹੋਇਆ ਕਿ ਟਰਾਲੇ ਨਾਲ ਟਕਰਾ ਕੇ ਕਾਰ ਚਕਨਾਚੂਰ ਹੋ ਕੇ ਸੜਕ ਕਿਨਾਰੇ ਟੋਏ ਵਿਚ ਜਾ ਡਿੱਗੀ ।
ਮੌਕੇ ‘ਤੇ ਸਰਕਾਰੀ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਮ੍ਰਿਤਕਾਂ ‘ਚੋਂ ਦੋ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦਸੂਹਾ ਤੇ ਦੋ ਲਾਸ਼ਾਂ ਟਾਂਡਾ ਦੇ ਰੰਗੀ ਰਾਮ ਚੈਰੀਟੇਬਲ ਹਸਪਤਾਲ ਵਿਖੇ ਰਖਵਾ ਦਿੱਤੀਆਂ। ਜਦਕਿ ਜ਼ਖ਼ਮੀ ਔਰਤ ਨੂੰ ਪਹਿਲਾਂ ਸਰਕਾਰੀ ਹਸਪਤਾਲ ਟਾਂਡਾ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ।
ਹਿੰਦੂਸਥਾਨ ਸਮਾਚਾਰ