Kolkata: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਨੀਟ ਖਤਮ ਕਰਨ ਅਤੇ ਪੁਰਾਣੀ ਪ੍ਰਣਾਲੀ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਬੈਨਰਜੀ ਨੇ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (ਐਨਈਈਟੀ) ਨੂੰ ਖਤਮ ਕਰਕੇ ਰਾਜ ਸਰਕਾਰ ਵਲੋਂ ਪ੍ਰੀਖਿਆ ਕਰਵਾਉਣ ਦੀ ਪਿਛਲੀ ਪ੍ਰਣਾਲੀ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਿਸਟਮ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ।
ਪੱਤਰ ’ਚ ਉਨ੍ਹਾਂ ਲਿਖਿਆ, ‘ਪੇਪਰ ਲੀਕ, ਕੁਝ ਲੋਕਾਂ ਅਤੇ ਪ੍ਰੀਖਿਆਵਾਂ ਦੇ ਸੰਚਾਲਨ ‘ਚ ਸ਼ਾਮਲ ਅਧਿਕਾਰੀਆਂ ਵਲੋਂ ਰਿਸ਼ਵਤ ਲੈਣ, ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਅਪਲਾਈ ਕਰਨ ਲਈ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ ਕਰਨ, ਗ੍ਰੇਸ ਮਾਰਕ ਆਦਿ ਦੇ ਦੋਸ਼ ਜੋ ਗੰਭੀਰ ਮੁੱਦੇ ਹਨ, ਜਿਨ੍ਹਾਂ ‘ਤੇ ਪੂਰਾ ਧਿਆਨ ਦੇਣ ਦੀ ਲੋੜ ਹੈ। ਇਸ ਦੀ ਡੂੰਘਾਈ ਨਾਲ, ਸਾਫ਼ ਅਤੇ ਨਿਰਪੱਖ ਜਾਂਚ ਦੀ ਲੋੜ ਹੈ। ਅਜਿਹੀਆਂ ਘਟਨਾਵਾਂ ਲੱਖਾਂ ਵਿਦਿਆਰਥੀਆਂ ਦੇ ਕਰੀਅਰ ਅਤੇ ਇੱਛਾਵਾਂ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ ਜੋ ਇਨ੍ਹਾਂ ਮੈਡੀਕਲ ਕੋਰਸਾਂ ਵਿੱਚ ਦਾਖਲਾ ਲੈਣ ਦੀ ਉਮੀਦ ਰੱਖਦੇ ਹਨ।”
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਿਛਲੀ ਪ੍ਰਣਾਲੀ ਨੂੰ ਬਹਾਲ ਕਰਨ ਦੀ ਅਪੀਲ ਕੀਤੀ, ਜਿਸ ਦੇ ਤਹਿਤ ਰਾਜਾਂ ਨੂੰ ਆਪਣੀਆਂ ਪ੍ਰਵੇਸ਼ ਪ੍ਰੀਖਿਆਵਾਂ ਕਰਵਾਉਣ ਦੀ ਇਜਾਜ਼ਤ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (ਨੀਟ) ਨੂੰ ਬਦਲਿਆ ਗਿਆ ਤਾਂ ਜੋ ਰਾਜ ਸਰਕਾਰਾਂ ਦੀ ਸ਼ਮੂਲੀਅਤ ਤੋਂ ਬਿਨਾਂ ਦੇਸ਼ ਵਿੱਚ ਮੈਡੀਕਲ ਕੋਰਸਾਂ ਦੇ ਸਾਰੇ ਦਾਖਲਿਆਂ ‘ਤੇ ਪੂਰਾ ਕੰਟਰੋਲ ਕੀਤਾ ਜਾ ਸਕੇ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਦੇਸ਼ ਦੇ ਸੰਘੀ ਢਾਂਚੇ ਦੀ ਅਸਲ ਭਾਵਨਾ ਦੀ ਉਲੰਘਣਾ ਹੈ।
ਹਿੰਦੂਸਥਾਨ ਸਮਾਚਾਰ