New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਐਮਰਜੈਂਸੀ ਅਤੇ ਉਸ ਤੋਂ ਬਾਅਦ ਹੋਏ ਅੱਤਿਆਚਾਰਾਂ ਦੀ ਸਖ਼ਤ ਨਿੰਦਾ ਕਰਨ ਲਈ ਲੋਕ ਸਭਾ ਸਪੀਕਰ ਦੀ ਸ਼ਲਾਘਾ ਕੀਤੀ। ਮੋਦੀ ਨੇ ਐਕਸ ‘ਤੇ ਇਕ ਪੋਸਟ ਵਿਚ ਲਿਖਿਆ ਕਿ ਮੈਨੂੰ ਖੁਸ਼ੀ ਹੈ ਕਿ ਮਾਨਯੋਗ ਸਪੀਕਰ ਨੇ ਐਮਰਜੈਂਸੀ ਦੀ ਸਖ਼ਤ ਨਿੰਦਾ ਕੀਤੀ, ਇਸ ਦੌਰਾਨ ਹੋਏ ਅੱਤਿਆਚਾਰਾਂ ਨੂੰ ਉਜਾਗਰ ਕੀਤਾ ਅਤੇ ਇਹ ਵੀ ਦੱਸਿਆ ਕਿ ਕਿਵੇਂ ਲੋਕਤੰਤਰ ਦਾ ਗਲਾ ਘੁੱਟਿਆ ਗਿਆ। ਉਨ੍ਹਾਂ ਸਾਰੇ ਲੋਕਾਂ ਦੇ ਸਤਿਕਾਰ ਵਿੱਚ ਮੌਨ ਖੜੇ ਹੋਣਾ ਵੀ ਇੱਕ ਅਦਭੁਤ ਭਾਵਨਾ ਸੀ, ਜਿਨ੍ਹਾਂ ਨੇ ਉਸ ਦੌਰਾਨ ਦੁੱਖ ਝੱਲੇ।
ਉਨ੍ਹਾਂ ਅੱਗੇ ਕਿਹਾ ਕਿ ਐਮਰਜੈਂਸੀ 50 ਸਾਲ ਪਹਿਲਾਂ ਲਗਾਈ ਗਈ ਸੀ, ਪਰ ਅੱਜ ਦੇ ਨੌਜਵਾਨਾਂ ਲਈ ਇਸ ਬਾਰੇ ਜਾਣਨਾ ਜ਼ਰੂਰੀ ਹੈ, ਕਿਉਂਕਿ ਇਹ ਇਸ ਗੱਲ ਦੀ ਇੱਕ ਢੁਕਵੀਂ ਉਦਾਹਰਣ ਹੈ ਕਿ ਜਦੋਂ ਸੰਵਿਧਾਨ ਨੂੰ ਲਤਾੜਿਆ ਜਾਂਦਾ ਹੈ, ਜਨਤਾ ਦੀ ਰਾਏ ਨੂੰ ਦਬਾਇਆ ਜਾਂਦਾ ਹੈ ਅਤੇ ਸੰਸਥਾਵਾਂ ਨੂੰ ਤਬਾਹ ਕੀਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ। ਐਮਰਜੈਂਸੀ ਦੌਰਾਨ ਵਾਪਰੀਆਂ ਘਟਨਾਵਾਂ ਇਸ ਗੱਲ ਦੀਆਂ ਉਦਾਹਰਣ ਹਨ, ਕਿ ਤਾਨਾਸ਼ਾਹੀ ਕਿਵੇਂ ਹੁੰਦੀ ਹੈ?
ਹਿੰਦੂਸਥਾਨ ਸਮਾਚਾਰ