Kolkata: ਦੇਸ਼ ਦੇ ਚਰਚਿਤ ਨੀਟ ਪੇਪਰ ਲੀਕ ਮਾਮਲੇ ਦੇ ਤਾਰ ਆਖਰਕਾਰ ਕੋਲਕਾਤਾ ਨਾਲ ਵੀ ਜੁੜ ਗਏ ਹਨ। ਪੁਲਿਸ ਨੇ ਬੁੱਧਵਾਰ ਨੂੰ ਕੋਲਕਾਤਾ ਸਥਿਤ ਇਕ ਸਿੱਖਿਆ ਸੰਸਥਾਨ ਨਾਲ ਜੁੜੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਇਕ ਵਿਦਿਆਰਥੀ ਦੇ ਮਾਪਿਆਂ ਤੋਂ ਪੈਸੇ ਲੈਣ ਅਤੇ ਨੀਟ ਮੈਰਿਟ ਸੂਚੀ ਵਿਚ ਜਗ੍ਹਾ ਦਿਵਾਉਣ ਦਾ ਵਾਅਦਾ ਕਰਨ ਦਾ ਦੋਸ਼ ਹੈ।
ਪੁਲਿਸ ਅਧਿਕਾਰੀ ਨੇ ਕਿਹਾ, ”ਸ਼ੇਕਸਪੀਅਰ ਸਰਣੀ ਪੁਲਿਸ ਸਟੇਸ਼ਨ ‘ਚ ਦਰਜ ਸ਼ਿਕਾਇਤ ਦੇ ਆਧਾਰ ‘ਤੇ ਅਸੀਂ ਮੰਗਲਵਾਰ ਰਾਤ ਨੂੰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਅਸੀਂ ਉਸ ਤੋਂ ਪੁੱਛ-ਗਿੱਛ ਕਰ ਰਹੇ ਹਾਂ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਕਿਸੇ ਰੈਕੇਟ ਵਿਚ ਸ਼ਾਮਲ ਹੈ ਜਾਂ ਨਹੀਂ।’’ ਮੁਲਜ਼ਮ ਨੇ ਵਿਦਿਆਰਥੀ ਨੂੰ ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਸੀਟ ਦਿਵਾਉਣ ਦਾ ਭਰੋਸਾ ਵੀ ਦਿੱਤਾ ਸੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਉਸਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਦੇ ਪਿਤਾ ਨੇ ਆਪਣੀ ਸ਼ਿਕਾਇਤ ‘ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸੌਦੇ ਲਈ ਮੁਲਜ਼ਮ ਨੂੰ 12 ਲੱਖ ‘ਚੋਂ 5 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ